ਦਿੱਲੀ ਤੇ ਪੰਜਾਬ ਸਰਕਾਰ ਵਿਰੁੱਧ ਉੱਠੇ ਬਗ਼ਾਵਤੀ ਸੁਰ; ਮੰਤਰੀਆਂ ਨੂੰ ਵਿਦੇਸ਼ਾਂ ‘ਚ ਘੇਰਨ ਦੀ ਚੇਤਾਵਨੀ
ਮਨਪ੍ਰੀਤ ਸਿੰਘ ਖਾਲਸਾ।
ਦਿੱਲੀ ਸਰਕਾਰ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਦੀ ਪੰਜਾਬ ਜੇਲ੍ਹ ਬਦਲੀ ਦਾ ਸ਼ਰੇਆਮ ਵਿਰੋਧ ਕੀਤੇ ਜਾਣ ਅਤੇ ਪੰਜਾਬ ਸਰਕਾਰ ਵੱਲੋਂ ਬੰਦੀ ਸਿੰਘਾਂ ਪ੍ਰਤੀ ਧਾਰੀ ਗੈਰ-ਸੰਜੀਦਾ ਪਹੁੰਚ ਤੋਂ ਬਾਅਦ ਵਿਦੇਸ਼ੀ ਪੰਥਕ ਹਲਕਿਆਂ ਵਿੱਚ ਰੋਸ ਦੀ ਚੰਗਿਆੜੀ ਭੜਕ ਉੱਠੀ ਹੈ। ਇਸੇ ਤਹਿਤ ਜਰਮਨੀ ਦੀਆਂ ਪੰਥਕ ਜਥੇਬੰਦੀਆਂ—ਸਿੱਖ ਫੈਡਰੇਸ਼ਨ ਜਰਮਨੀ ਦੇ ਭਾਈ ਗੁਰਮੀਤ ਸਿੰਘ ਖਨਿਆਣ ਤੇ ਭਾਈ ਗੁਰਦਿਆਲ ਸਿੰਘ ਲਾਲੀ, ਬੱਬਰ ਖਾਲਸਾ ਜਰਮਨੀ ਦੇ ਜਥੇਦਾਰ ਭਾਈ ਰੇਸ਼ਮ ਸਿੰਘ ਬੱਬਰ, ਭਾਈ ਰਜਿੰਦਰ ਸਿੰਘ ਬੱਬਰ ਤੇ ਭਾਈ ਅਵਤਾਰ ਸਿੰਘ ਬੱਬਰ, ਦਲ ਖਾਲਸਾ ਇੰਟਰਨੈਸ਼ਨਲ ਜਰਮਨੀ ਦੇ ਭਾਈ ਹਰਮੀਤ ਸਿੰਘ ਤੇ ਭਾਈ ਅੰਗਰੇਜ਼ ਸਿੰਘ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਰਮਨੀ ਦੇ ਭਾਈ ਹੀਰਾ ਸਿੰਘ ਮੱਤੇਵਾਲ ਅਤੇ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਜਰਮਨੀ ਦੇ ਭਾਈ ਲਖਵਿੰਦਰ ਸਿੰਘ ਮੱਲ੍ਹੀ—ਨੇ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਕੇਂਦਰ, ਦਿੱਲੀ ਅਤੇ ਪੰਜਾਬ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਦਾ ਐਲਾਨ ਕੀਤਾ ਹੈ। ਪੰਥਕ ਆਗੂਆਂ ਨੇ ਸਰਕਾਰਾਂ ਦੀ ਤਿਕੜੀ ਨੂੰ ਆੜੇ ਹੱਥੀਂ ਲੈਂਦਿਆਂ ਆਖਿਆ ਕਿ ਇੱਕ ਪਾਸੇ ਭਾਈ ਹਵਾਰਾ ਦੇ ਮਾਤਾ ਜੀ ਮੌਤ ਨਾਲ ਪਲ-ਪਲ ਲੜ ਰਹੇ ਹਨ ਅਤੇ ਅਜਿਹੇ ਨਾਜ਼ੁਕ ਮਾਨਵੀ ਸਮੇਂ ਵਿੱਚ ਉਨ੍ਹਾਂ ਨੂੰ ਪੂਰਨ ਰਿਹਾਈ ਤਾਂ ਦੂਰ, ਬਣਦੀ ਪੈਰੋਲ ਤੱਕ ਨਾ ਦੇਣਾ ਮਨੁੱਖੀ ਅਧਿਕਾਰਾਂ ਦਾ ਸ਼ਰੇਆਮ ਕਤਲ ਹੈ। ਦੂਜੇ ਪਾਸੇ ਭਾਈ ਪਰਮਜੀਤ ਸਿੰਘ ਭਿਓਰਾ ਦੀ ਬਣਦੀ ਛੁੱਟੀ ਵਾਸਤੇ ਬੂੜੈਲ ਜੇਲ੍ਹ ਸੁਪਰਟੈਂਡੈਂਟ ਵੱਲੋਂ ਇੱਕ-ਦੋ ਵਾਰ ਨਹੀਂ ਬਲਕਿ ਛੇ-ਛੇ ਵਾਰ ਰਿਮਾਈਂਡਰ ਭੇਜੇ ਜਾਣ ਦੇ ਬਾਵਜੂਦ, ਪੰਜਾਬ ਸਰਕਾਰ ਦੀ ਖੋਟੀ ਨੀਅਤ ਅਤੇ ਕੜੱਤਣ ਕਰਕੇ ਉਨ੍ਹਾਂ ਦੀ ਛੁੱਟੀ ਪ੍ਰਵਾਨ ਨਹੀਂ ਕੀਤੀ ਜਾ ਰਹੀ, ਜੋ ਕਿ ਪੰਜਾਬ ਸਰਕਾਰ ਦੇ ਸਿੱਖ ਵਿਰੋਧੀ ਚਿਹਰੇ ਨੂੰ ਨੰਗਾ ਕਰਦੀ ਹੈ।
ਜਥੇਬੰਦੀਆਂ ਨੇ ਬੇਹੱਦ ਤਲਖ਼ ਅਤੇ ਚੇਤਾਵਨੀ ਭਰੇ ਲਹਿਜੇ ਵਿੱਚ ਦਿੱਲੀ ਸਰਕਾਰ ‘ਚ ਸ਼ਾਮਲ ਸਿੱਖ ਮੰਤਰੀਆਂ ਨੂੰ ਰਗੜੇ ਲਾਉਂਦਿਆਂ ਆਖਿਆ ਕਿ ਆਪਣੀਆਂ ਕੁਰਸੀਆਂ ਬਚਾਉਣ ਲਈ ਸਿੱਖ ਮਸਲਿਆਂ ਉੱਤੇ ਜ਼ਮੀਰ ਵੇਚ ਕੇ ਬੈਠੀ ਉਨ੍ਹਾਂ ਦੀ ਇਹ ਚੁੱਪ ਕੌਮ ਵਾਸਤੇ ਸਭ ਤੋਂ ਵੱਡੀ ਗੱਦਾਰੀ ਸਾਬਤ ਹੋ ਰਹੀ ਹੈ। ਪੰਥਕ ਆਗੂਆਂ ਨੇ ਸਪੱਸ਼ਟ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਸੱਤਾ ਦੇ ਹੰਕਾਰ ਵਿੱਚ ਮਸਤ ਇਹ ਮੰਤਰੀ ਹੁਣ ਕੌਮ ਦੀ ਅਦਾਲਤ ਤੋਂ ਬਚ ਨਹੀਂ ਸਕਣਗੇ ਅਤੇ ਜਦੋਂ ਵੀ ਇਹ ਆਗੂ ਆਪਣੇ ਵਿਦੇਸ਼ੀ ਦੌਰਿਆਂ ਉੱਤੇ ਬਾਹਰ ਨਿਕਲਣਗੇ ਤਾਂ ਉਨ੍ਹਾਂ ਦਾ ਪਲੇਟਫਾਰਮਾਂ ਉੱਤੇ ਜ਼ਬਰਦਸਤ ਘੇਰਾਓ ਕਰਕੇ ਤਿੱਖਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਤਰੀਆਂ ਦੀ ਖਾਮੋਸ਼ੀ ਇਨ੍ਹਾਂ ਦਾ ਪਿੱਛਾ ਨਹੀਂ ਛੱਡੇਗੀ ਅਤੇ ਵਿਦੇਸ਼ੀ ਧਰਤੀ ਉੱਤੇ ਇਨ੍ਹਾਂ ਤੋਂ ਇੱਕ-ਇੱਕ ਧੱਕੇਸ਼ਾਹੀ ਦਾ ਹਿਸਾਬ ਮੰਗ ਕੇ ਇਨ੍ਹਾਂ ਨੂੰ ਸ਼ਰਮਸਾਰ ਕੀਤਾ ਜਾਵੇਗਾ।


































