ਅਗਲੇ ਦੋ ਮਹੀਨਿਆਂ ਦੌਰਾਨ ਲਾਲ ਕਿਲ੍ਹੇ ਸਮੇਤ ਦਿੱਲੀ ਦੇ ਵੱਖ-ਵੱਖ ਸਥਾਨਾਂ ’ਤੇ ਹੋਣਗੇ ਵੱਡੇ ਸਮਾਗਮ: ਕਾਲਕਾ/ਕਾਹਲੋਂ
ਮਨਪ੍ਰੀਤ ਸਿੰਘ ਖਾਲਸਾ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀ ਸੰਪੂਰਨਤਾ ਨੂੰ ਸਮਰਪਿਤ ਮੈਰਾਥਨ ਕਰਵਾਈ ਗਈ। ਇਸ ਮੈਰਾਥਨ ਵਿੱਚ ਹਜ਼ਾਰਾਂ ਨੌਜਵਾਨਾਂ ਸਮੇਤ ਹਰ ਉਮਰ ਵਰਗ ਦੇ ਲੋਕਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਮੈਰਾਥਨ ਦੀ ਸ਼ੁਰੂਆਤ ਕਰਤੱਵਯ ਪਥ ਤੋਂ ਹੋਈ ਅਤੇ ਵੱਖ-ਵੱਖ ਮਾਰਗਾਂ ਤੋਂ ਹੁੰਦੀ ਹੋਈ ਇਹ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਵਿਖੇ ਸੰਪੰਨ ਹੋਈ।
ਉਨ੍ਹਾਂ ਦੱਸਿਆ ਕਿ ਮੈਰਾਥਨ ਵਿੱਚ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਸਮੇਤ ਹਰ ਉਮਰ ਵਰਗ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਭਾਗੀਦਾਰਾਂ ਨੇ ਪੂਰੇ ਜੋਸ਼, ਉਤਸ਼ਾਹ ਅਤੇ ਸ਼ਰਧਾ ਨਾਲ ਦੌੜ ਵਿੱਚ ਹਿੱਸਾ ਲੈਂਦਿਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਦੀ ਮਹਾਨ ਸ਼ਹਾਦਤ ਨੂੰ ਸਿਜਦਾ ਕੀਤਾ। ਇਸ ਮੌਕੇ ਮੈਰਾਥਨ ਵਿੱਚ ਭਾਗ ਲੈਣ ਵਾਲੇ ਜੇਤੂਆਂ ਨੂੰ ਇਨਾਮ ਅਤੇ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ। ਕਮੇਟੀ ਦੇ ਅਹੁਦੇਦਾਰਾਂ ਨੇ ਮੈਰਾਥਨ ਵਿੱਚ ਸ਼ਾਮਲ ਹੋਏ ਸਮੂਹ ਭਾਗੀਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤਾਂ ਅਤੇ ਖ਼ਾਸ ਕਰਕੇ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਨੇ ਇਸ ਮੈਰਾਥਨ ਨੂੰ ਇਤਿਹਾਸਕ ਅਤੇ ਯਾਦਗਾਰੀ ਬਣਾ ਦਿੱਤਾ ਹੈ।
ਸਰਦਾਰ ਕਾਲਕਾ ਅਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਨਾਲ ਸ਼ਹੀਦ ਹੋਏ ਸਿੰਘਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮਾਂ ਦੀ ਲੜੀ ਚੱਲ ਰਹੀ ਹੈ, ਜਿਸ ਦੀ ਸੰਪੂਰਨਤਾ ਦਸੰਬਰ ਮਹੀਨੇ ਵਿੱਚ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਹੋਵੇਗੀ।
ਉਨ੍ਹਾਂ ਦੱਸਿਆ ਕਿ ਅਗਲੇ ਦੋ ਮਹੀਨਿਆਂ ਦੌਰਾਨ ਸ਼ਹੀਦੀ ਦਿਹਾੜਿਆਂ ਦੀ ਸੰਪੂਰਨਤਾ ਨੂੰ ਸਮਰਪਿਤ ਦਿੱਲੀ ਦੇ ਵੱਖ-ਵੱਖ ਸਥਾਨਾਂ ’ਤੇ ਵੱਡੇ ਪੱਧਰ ’ਤੇ ਸਮਾਗਮ ਕਰਵਾਏ ਜਾਣਗੇ। ਇਨ੍ਹਾਂ ਸਮਾਗਮਾਂ ਤਹਿਤ ਲਾਲ ਕਿਲ੍ਹੇ ਸਮੇਤ ਕੌਮੀ ਰਾਜਧਾਨੀ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀਰਤਨ ਸਮਾਗਮ ਅਤੇ ਹੋਰ ਯਾਦਗਾਰੀ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਹਨਾਂ ਇਤਿਹਾਸਕ ਸਮਾਗਮਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇ, ਤਾਂ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਦੀ ਯਾਦ ਵਿੱਚ ਕਰਵਾਏ ਜਾ ਰਹੇ ਇਹ ਸਮਾਗਮ ਵੀ ਪਹਿਲਾਂ ਹੋਏ ਸਮਾਗਮਾਂ ਵਾਂਗ ਯਾਦਗਾਰੀ ਬਣ ਸਕਣ।
ਮੈਰਾਥਨ ਦੀ ਸ਼ੁਰੂਆਤ ਮੌਕੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਵੱਲੋਂ ਅਰਦਾਸ ਕੀਤੀ ਗਈ। ਅਰਦਾਸ ਉਪਰੰਤ ਹਜ਼ਾਰਾਂ ਭਾਗੀਦਾਰਾਂ ਨੇ ਮੈਰਾਥਨ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ, ਮੈਂਬਰ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

































