(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
“ਜਦੋਂ ਤੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾਂ ਕੀਤੀ ਹੈ ਅਤੇ ਜਦੋਂ ਤੋਂ ਖ਼ਾਲਸਾ ਪੰਥ ਵੱਲੋਂ ਕੀਤੀ ਜਾਣ ਵਾਲੀ ਅਰਦਾਸ ਦੀ ਸੁਰੂਆਤ ਹੋਈ ਹੈ, ਜਿਸ ਨੂੰ 5 ਸਦੀਆਂ ਤੋ ਉਪਰ ਦਾ ਸਮਾਂ ਹੋ ਚੁੱਕਾ ਹੈ । ਉਸ ਸਮੇ ਤੋ ਹੀ ਦੁਨੀਆ ਵਿਚ ਵੱਸਣ ਵਾਲਾ ਹਰ ਸਿੱਖ ਦੋਵੇ ਸਮੇਂ ਅਰਦਾਸ ਕਰਦੇ ਸਮੇਂ ‘ਪ੍ਰਿਥਮ ਭਗੌਤੀ ਸਿਮਰਕੇ’ ਸਭ ਤੋਂ ਪਹਿਲੇ ਆਪਣੇ ਸ਼ਸਤਰ (ਹਥਿਆਰ) ਜਿਸ ਨੂੰ ਸਿੱਖ ਕੌਮ ਆਪਣੀ ਇਕ ਵੱਡਮੁੱਲੀ ਸ਼ਕਤੀ ਵੱਜੋ ਪ੍ਰਵਾਨ ਕਰਦੀ ਹੈ, ਅਰਥਾਤ ਕਿਰਪਾਨ (ਸ੍ਰੀਸਾਹਿਬ) ਨੂੰ ਨਮਸਕਾਰ ਕਰਦੇ ਹੋਏ ਫਿਰ ਆਪਣੇ ਗੁਰੂ ਸਾਹਿਬਾਨ ਜੀ ਤੇ ਹੋਰਨਾਂ ਨੂੰ ਨਤਮਸਤਕ ਹੁੰਦਾ ਆ ਰਿਹਾ ਹੈ । ਇਸ ਲਈ ਜੋ ਦੁਨਿਆਵੀ ਜਾਂ ਇੰਡੀਅਨ ਕਾਨੂੰਨ, ਅਦਾਲਤਾਂ, ਜੱਜ ਕਿਸੇ ਮੰਦਭਾਵਨਾ ਅਧੀਨ ਸਾਡੀ ਅਰਦਾਸ ਤੋਂ ਉਲਟ ਸਿੱਖ ਕੌਮ ਨੂੰ ਆਪਣੇ ਸ਼ਸਤਰ (ਹਥਿਆਰ) ਰੱਖਣ ਉਤੇ ਰੋਕ ਲਗਾਉਣ ਹਿੱਤ ਕਿਸੇ ਤਰ੍ਹਾਂ ਦਾ ਅਮਲ ਹੁੰਦਾ ਹੈ, ਸਿੱਖ ਕੌਮ ਆਪਣੀ ਅਰਦਾਸ ਦੇ ਉਲਟ ਅਜਿਹੇ ਕਿਸੇ ਵੀ ਹੁਕਮ ਨੂੰ ਕਤਈ ਪ੍ਰਵਾਨ ਨਹੀਂ ਕਰ ਸਕਦਾ ਅਤੇ ਨਾ ਹੀ ਅਦਾਲਤਾਂ, ਕਾਨੂੰਨ ਜਾਂ ਜੱਜਾਂ ਨੂੰ ਇਹ ਕੋਈ ਅਧਿਕਾਰ ਹੈ ਕਿ ਸਾਡੀ 5 ਸਦੀਆਂ ਤੋ ਹੁੰਦੀ ਆ ਰਹੀ ਅਰਦਾਸ ਵਿਚ ਪ੍ਰਿਥਮ ਭਗੌਤੀ ਦੇ ਮਹਾਨ ਮਹੱਤਵ ਨੂੰ ਨੁਕਸਾਨ ਪਹੁੰਚਾਉਣ ਹਿੱਤ ਕੋਈ ਅਮਲ ਕਰੇ ਜਾਂ ਐਲਾਨ ਕਰੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਪੰਜਾਬ-ਹਰਿਆਣਾ ਹਾਈਕੋਰਟ ਦੇ ਜਸਟਿਸ ਮਨੂਜਾ ਬੈਂਚ ਵੱਲੋਂ ਸ਼ੋਸ਼ਲ ਮੀਡੀਏ ਉਤੇ ਜਾਂ ਸਾਡੀਆ ਪੰ੍ਰਪਰਾਵਾਂ ਅਨੁਸਾਰ ਵੱਖ-ਵੱਖ ਕੌਮੀ ਮਹਾਨ ਮੌਕਿਆ ਉਤੇ ਗੁਰੂ ਸਾਹਿਬਾਨ ਵੱਲੋ ਸਿੱਖ ਕੌਮ ਨੂੰ ਬਖਸਿ਼ਸ਼ ਕੀਤੇ ਗਏ ਸ਼ਸਤਰਾਂ ਨੂੰ ਲਹਿਰਾਉਣ ਅਤੇ ਉਸ ਸ਼ਕਤੀ ਦੀ ਭਾਵਨਾ ਨੂੰ ਪ੍ਰਗਟਾਉਣ ਉਤੇ ਮੰਦਭਾਵਨਾ ਅਧੀਨ ਰੋਕ ਲਗਾਉਣ, ਐਫ.ਆਈ.ਆਰ. ਦਰਜ ਕਰਨ ਅਤੇ ਸਿੱਖਾਂ ਦੇ ਆਰਮ ਲਾਈਸੈਸ ਜ਼ਬਤ ਕਰਨ ਦੀਆਂ ਕਾਰਵਾਈਆ ਨੂੰ ਅਸਹਿ ਕਰਾਰ ਦਿੰਦੇ ਹੋਏ ਅਤੇ ਸਿੱਖ ਧਰਮ ਵਿਚ ਅਦਾਲਤਾਂ, ਕਾਨੂੰਨਾਂ ਤੇ ਜੱਜਾਂ ਵੱਲੋ ਦਖਲ ਦੇਣ ਦੀ ਕਾਰਵਾਈ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਾਡੀ ਸਿੱਖ ਕੌਮ ਦੇ ਪੰਜ ਤਖਤ ਜਿਨ੍ਹਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਜਦੋ ਵੀ ਕੋਈ ਸਿੱਖ ਦਰਸ਼ਨ ਕਰਨ ਲਈ ਜਾਂਦਾ ਹੈ ਤਾਂ ਸਭ ਤੋਂ ਪਹਿਲੇ ਉਹ ਨਤਮਸਤਕ ਹੁੰਦੇ ਹੋਏ ਇਨ੍ਹਾਂ ਸਥਾਨਾਂ ਤੇ ਦਰਸ਼ਨਾਂ ਲਈ ਰੱਖੇ ਗਏ ਗੁਰੂ ਸਾਹਿਬ ਜੀ ਦੇ ਸ਼ਸਤਰਾਂ ਦੇ ਵੀ ਦਰਸ਼ਨ ਕਰਦੇ ਹੋਏ ਨਤਮਸਤਕ ਹੁੰਦਾ ਹੈ।
ਕਿਉਂਕਿ ਇਹ ਸਾਡੀ ਅਰਦਾਸ ਵਿਚ ਸਭ ਤੋਂ ਪਹਿਲੇ ਨੰਬਰ ਤੇ ਨਤਮਸਤਕ ਹੋਣ ਵਾਲੇ ਸ਼ਸਤਰ ਹਨ। ਇਸ ਲਈ ਕਿਸੇ ਵੀ ਦੁਨਿਆਵੀ ਅਦਾਲਤ, ਕਾਨੂੰਨ, ਜੱਜ ਨੂੰ ਸਿੱਖ ਕੌਮ ਦੀਆਂ ਸਦੀਆ ਤੋ ਚੱਲਦੀਆ ਆ ਰਹੀਆ ਕੌਮੀ ਰਵਾਇਤਾ ਆਪਣੇ ਸ਼ਸਤਰ ਆਪਣੇ ਕੋਲ ਰੱਖਣ, ਮਹਾਨ ਸਿੱਖੀ ਦਿਹਾੜਿਆ ਉਤੇ ਉਨ੍ਹਾਂ ਸ਼ਸਤਰਾਂ ਦੇ ਜੌਹਰ ਦਿਖਾਉਣ ਤੇ ਸ਼ਕਤੀ ਦਾ ਪ੍ਰਗਟਾਵਾ ਕਰਨ ਅਤੇ ਨਾਲ ਲੈਕੇ ਚੱਲਣ ਉਤੇ ਕਿਸੇ ਤਰ੍ਹਾਂ ਦੀ ਰੋਕ ਨਹੀ ਲਗਾ ਸਕਦੀ । ਜੋ ਬੀਤੇ ਦਿਨੀਂ ਉਪਰੋਕਤ ਪੰਜਾਬ ਹਰਿਆਣਾ ਹਾਈਕੋਰਟ ਦੇ ਮਨੂਜਾ ਬੈਂਚ ਨੇ ਸਿੱਖ ਕੌਮ ਦੇ ਹਥਿਆਰਾਂ, ਸ੍ਰੀ ਸਾਹਿਬ, ਤਲਵਾਰ (ਭਗੌਤੀ) ਅਤੇ ਹੋਰ ਕੌਮੀ ਸ਼ਸਤਰਾਂ ਉਤੇ ਪਾਬੰਦੀ ਲਗਾਉਣ ਹਿੱਤ ਉਨ੍ਹਾਂ ਦੇ ਹਥਿਆਰ ਜਮ੍ਹਾ ਕਰਨ, ਕੇਸ ਦਰਜ ਕਰਨ, ਲਾਈਸੈਸ ਰੱਦ ਕਰਨ ਦੀ ਗੱਲ ਕੀਤੀ ਹੈ ਇਹ ਸਾਡੇ ਸਿੱਖ ਧਰਮ ਉਤੇ ਸਾਡੀਆ ਰਵਾਇਤਾ ਨੂੰ ਖਤਮ ਕਰਨ ਵਾਲਾ ਇਕ ਸ਼ਰਮਨਾਕ ਹਮਲਾ ਹੈ ਜਿਸ ਨੂੰ ਕੌਮ ਕਦੀ ਵੀ ਪ੍ਰਵਾਨ ਨਹੀ ਕਰ ਸਕਦੀ। ਕਿਉਂਕਿ ਸਿੱਖ ਇਕ ਵੱਖਰੀ, ਅਣਖੀਲੀ ਅਤੇ ਨਿਵੇਕਲੀ ਪਹਿਚਾਣ ਵਾਲੀ ਕੌਮ ਹੈ। ਇਸਦੀਆਂ ਰਵਾਇਤਾ ਵੀ ਮਹਾਨ ਹਨ । ਜਿਨ੍ਹਾਂ ਨੂੰ ਕਿਸੇ ਵੀ ਤਾਕਤ ਵੱਲੋ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਜਾਂ ਅਪਮਾਨ ਕਰਨ ਦੀ ਇਜਾਜਤ ਨਹੀ ਦਿੱਤੀ ਜਾਵੇਗੀ ।
ਇਸ ਲਈ ਸਾਡੀ ਜਸਟਿਸ ਮਨੂਜਾ ਬੈਂਚ ਦੇ ਸਤਿਕਾਰਯੋਗ ਜੱਜ ਜਸਟਿਸ ਹਰਕੇਸ ਮਨੂਜਾ ਅਤੇ ਬਾਕੀ ਜੱਜ ਸਾਹਿਬਾਨ ਨੂੰ ਕੌਮੀ ਮਹਾਨ ਰਵਾਇਤਾ ਦੇ ਬਿਨ੍ਹਾਂ ਤੇ ਇਹ ਗੁਜਾਰਿਸ ਹੈ ਕਿ ਸਿੱਖ ਕੌਮ ਤੇ ਇਸ ਤਰ੍ਹਾਂ ਸ਼ਸਤਰ ਰੱਖਣ ਜਾਂ ਵਿਸੇਸ ਮੌਕਿਆ ਉਤੇ ਉਨ੍ਹਾਂ ਨੂੰ ਲਹਿਰਾਉਣ ਜਾਂ ਸ਼ੋਸ਼ਲ ਮੀਡੀਆ ਤੇ ਇਨ੍ਹਾਂ ਤਸਵੀਰਾਂ ਨੂੰ ਪ੍ਰਚਾਰਣ ਦੀ ਮੰਦਭਾਵਨਾ ਅਧੀਨ ਜੋ ਨਿਸਾਨਾਂ ਬਣਾਇਆ ਜਾ ਰਿਹਾ ਹੈ ਇਸ ਤੋ ਤੋਬਾ ਕਰਨੀ ਬਣਦੀ ਹੈ । ਤਾਂ ਕਿ ਪਹਿਲੋ ਹੀ ਹੁਕਮਰਾਨਾਂ ਵੱਲੋ ਸਿੱਖ ਕੌਮ ਨਾਲ ਕੀਤੇ ਜਾ ਰਹੇ ਵਿਤਕਰਿਆ ਤੇ ਜ਼ਬਰ ਜੁਲਮ ਵਿਚ ਅਜਿਹਾ ਅਮਲ ਹੋਰ ਵਾਧਾ ਨਾ ਕਰ ਸਕੇ ਅਤੇ ਸਿੱਖ ਕੌਮ ਦਾ ਰੋਹ ਟੀਸੀ ਤੇ ਨਾ ਪਹੁੰਚ ਜਾਵੇ।