ਸੱਜਣ ਕੁਮਾਰ ਨੂੰ 41 ਸਾਲਾਂ ਬਾਅਦ ਦੋਸ਼ੀ ਕਰਾਰ ਦੇਣ ਦੇ ਫੈਸਲੇ ਦਾ ਸਵਾਗਤ: ਕਾਲਕਾ/ਕਾਹਲੋਂ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ਦੇ ਸਿੱਖ ਕਤਲੇਆਮ ਕੇਸ ਵਿਚ ਰਾਊਜ਼ ਅਵੈਨਿਊ ਕੋਰਟ ਵੱਲੋਂ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦੇਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਮੰਗ ਕੀਤੀ ਹੈ ਕਿ ਅਪਰਾਧ ਦੀ ਗੰਭੀਰਤਾ ਨੂੰ ਵੇਖਦਿਆਂ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਭਾਵੇਂ ਅਦਾਲਤ ਦਾ ਫੈਸਲਾ 1984 ਦੇ ਸਿੱਖ ਕਤਲੇਆਮ ਦੇ 41 ਸਾਲਾਂ ਬਾਅਦ ਆਇਆ ਹੈ ਪਰ ਇਹ ਸਿੱਖ ਕੌਮ ਲਈ ਬਹੁਤ ਵੱਡੀ ਰਾਹਤ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਕੇਸ ਜਸਵੰਤ ਸਿੰਘ ਤੇ ਉਹਨਾਂ ਦੇ ਪੁੱਤਰ ਤਰੁਣਦੀਪ ਸਿੰਘ ਦੇ ਕਤਲ ਦਾ ਮਾਮਲਾ ਹੈ ਅਤੇ ਇਸ ਸਬੰਧ ਵਿਚ ਥਾਣਾ ਸਰਸਵਤੀ ਵਿਹਾਰ ਵਿਚ ਐਫ ਆਈ ਆਰ ਨੰਬਰ 458/91 ਅਧੀਨ ਧਾਰਾ 147, 148, 149, 302, 308, 323, 395, 395, 427, 436 ਅਤੇ 440 ਆਈ ਪੀ ਸੀ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਉਹਨਾਂ ਕਿਹਾ ਕਿ ਉਹ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦੇ ਹਨ ਤੇ ਉਹਨਾਂ ਨੇ ਅਪੀਲ ਕੀਤੀ ਕਿ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਵੇ।ਅਦਾਲਤ ਵੱਲੋਂ 18 ਫਰਵਰੀ 2025 ਨੂੰ ਦਲੀਲਾਂ ਦੀ ਸੁਣਵਾਈ ਮਗਰੋਂ ਸਜ਼ਾ ਦਾ ਐਲਾਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਸਿੱਖ ਕੌਮ ਨੂੰ ਨਿਆਂ ਤਾਂ ਕੀ ਦੇਣਾ ਸੀ ਉਲਟਾ ਇਸ ਕਤਲੇਆਮ ਵਿਚ ਸ਼ਾਮਲ ਦੋਸ਼ੀਆਂ ਨੂੰ ਮਾਣ ਸਨਮਾਨ ਦਿੱਤਾ ਜਾਂਦਾ ਰਿਹਾ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਕੇਸ ਵਿਚ ਅਹਿਮ ਭੂਮਿਕਾ ਅਦਾ ਕੀਤੀ ਹੈ ਤੇ ਪੀੜਤਾਂ/ਗਵਾਹਾਂ ਦੇ ਬਿਆਨ ਅਦਾਲਤ ਵਿਚ ਦਰਜ ਕਰਵਾਏ ਹਨ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਜਿਹਨਾਂ ਨੇ ਬੰਦ ਕੀਤੇ ਗਏ ਕੇਸਾਂ ਦੀ ਨਵੇਂ ਸਿਰੇ ਤੋਂ ਜਾਂਚ ਵਾਸਤੇ ਐਸ ਆਈ ਟੀ ਦਾ ਗਠਨ ਕੀਤਾ।