(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
“ਜਦੋਂ ਇੰਡੀਆਂ ਦੀ ਬੀਜੇਪੀ-ਆਰ.ਐਸ.ਐਸ ਦੀ ਮੋਦੀ ਹਕੂਮਤ ਮੰਦਭਾਵਨਾ ਅਧੀਨ ਆਜਾਦੀ ਚਾਹੁੰਣ ਵਾਲੇ ਪੰਜਾਬੀਆਂ ਤੇ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਇੰਡੀਆ ਅਤੇ ਬਾਹਰਲੇ ਮੁਲਕਾਂ ਵਿਚ ਨਿਰੰਤਰ ਮੌਤ ਦੇ ਮੂੰਹ ਵਿਚ ਧਕੇਲਦੀ ਆ ਰਹੀ ਹੈ ਅਤੇ ਨਿੱਤ ਦਿਹਾੜੇ ਜ਼ਬਰ-ਜੁਲਮ ਦਾ ਦੌਰ ਚੱਲ ਰਿਹਾ ਹੈ, ਤਾਂ ਜੋ ਪੰਜਾਬੀ ਅਤੇ ਸਿੱਖ ਆਪੋ ਆਪਣੀਆ ਕੀਮਤੀ ਜਾਨਾਂ ਨੂੰ ਸੁਰੱਖਿਅਤ ਕਰਨ ਹਿੱਤ ਬਰਤਾਨੀਆ ਵਰਗੇ ਮੁਲਕਾਂ ਵਿਚ ਕਾਫ਼ੀ ਲੰਮੇ ਸਮੇ ਤੋ ਗਏ ਹੋਏ ਹਨ ਅਤੇ ਉਨ੍ਹਾਂ ਨੂੰ ਬਰਤਾਨੀਆ ਹਕੂਮਤ ਜ਼ਬਰੀ ਕੱਢਕੇ ਵਾਪਸ ਇੰਡੀਆ ਭੇਜਣ ਦੇ ਦੁੱਖਦਾਇਕ ਅਮਲ ਕਰਨ ਜਾ ਰਹੀ ਹੈ, ਇਹ ਤਾਂ ਉਨ੍ਹਾਂ ਨੂੰ ਵਾਪਸ ਭੇਜ ਕੇ ਇੰਡੀਅਨ ਹੁਕਮਰਾਨਾਂ ਦੀਆਂ ਸਾਜਿਸਾਂ ਦਾ ਸਿਕਾਰ ਹੋਣ ਲਈ ਰਾਹ ਪੱਧਰਾਂ ਕਰਨ ਵਾਲੇ ਅਣਮਨੁੱਖੀ ਅਮਲ ਹੋਣਗੇ।
ਕਿਉਂਕਿ ਉਹ ਤਾਂ ਆਪਣੀ ਜਾਨ ਨੂੰ ਸੁਰੱਖਿਅਤ ਕਰਨ ਲਈ ਇਥੋ ਗਏ ਹਨ ਅਤੇ ਉਨ੍ਹਾਂ ਨੂੰ ਬਰਤਾਨੀਆ ਹਕੂਮਤ ਵਾਪਸ ਭੇਜਕੇ ਇੰਡੀਅਨ ਹੁਕਮਰਾਨਾਂ ਦੇ ਜ਼ਬਰ ਦਾ ਸਾਹਮਣਾ ਕਰਨ ਲਈ ਹਾਲਾਤ ਪੈਦਾ ਕਰ ਰਹੇ ਹੋਣਗੇ ਜਿਸ ਨੂੰ ਕਦਾਚਿੱਤ ਕੌਮਾਂਤਰੀ ਤੇ ਮਨੁੱਖੀ ਅਧਿਕਾਰਾਂ ਦੇ ਕਾਨੂੰਨਾਂ ਅਧੀਨ ਦਰੁਸਤ ਕਰਾਰ ਨਹੀ ਦਿੱਤਾ ਜਾ ਸਕਦਾ। ਇਸ ਲਈ ਸਾਡੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਮਨੁੱਖੀ ਕਦਰਾਂ ਕੀਮਤਾਂ ਨੂੰ ਮੁੱਖ ਰੱਖਦੇ ਹੋਏ ਇਹ ਅਪੀਲ ਹੈ ਕਿ ਬਰਤਾਨੀਆ ਵਿਚ ਰਹਿ ਰਹੇ ਪੰਜਾਬੀ ਤੇ ਸਿੱਖਾਂ ਨੂੰ ਉਹ ਵਾਪਸ ਇੰਡੀਆ ਭੇਜਣ ਦੇ ਅਣਮਨੁੱਖੀ ਅਮਲ ਬਿਲਕੁਲ ਨਾ ਕਰਨ।”
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਤਾਨੀਆ ਦੇ ਵਜੀਰ ਏ ਆਜਮ ਮਿਸਟਰ ਕੀਰ ਸਟਾਰਮਰ ਨੂੰ ਗੰਭੀਰਤਾ ਪੂਰਵਕ ਅਪੀਲ ਕਰਦੇ ਹੋਏ ਅਤੇ ਮਨੁੱਖੀ ਅਧਿਕਾਰਾਂ ਦੇ ਬਿਨ੍ਹਾਂ ਤੇ ਬਰਤਾਨੀਆ ਵਿਚ ਪਹੁੰਚੇ ਪੰਜਾਬੀ ਅਤੇ ਸਿੱਖਾਂ ਦੀਆਂ ਜਿੰਦਗਾਨੀਆਂ ਨੂੰ ਇੰਡੀਆ ਤੇ ਪੰਜਾਬ ਵਿਚ ਬਣੇ ਵੱਡੇ ਖਤਰੇ ਦੇ ਬਿਨ੍ਹਾਂ ਤੇ ਅਪੀਲ ਕਰਦੇ ਹੋਏ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਬਰਤਾਨੀਆ ਹਕੂਮਤ ਨੂੰ ਅਤੇ ਸਮੁੱਚੇ ਸੰਸਾਰ ਨੂੰ ਇਹ ਜਾਣਕਾਰੀ ਹੈ ਕਿ 1947 ਵਿਚ ਵੀ ਪੰਜਾਬ ਦੇ 2 ਟੋਟੇ ਕਰ ਦਿੱਤੇ ਗਏ ਸਨ । 1984 ਵਿਚ ਸਾਜਸੀ ਢੰਗ ਨਾਲ ਹੁਕਮਰਾਨਾਂ ਵੱਲੋ ਸਮੁੱਚੇ ਮੁਲਕ ਵਿਚ ਸਿੱਖਾਂ ਦੀ ਨਸਲਕੁਸੀ ਅਤੇ ਕਤਲੇਆਮ ਕੀਤਾ ਗਿਆ। ਜਿਸ ਦੌਰਾਨ ਵੱਡੀ ਗਿਣਤੀ ਵਿਚ ਪੰਜਾਬੀਆਂ ਤੇ ਸਿੱਖਾਂ ਦੀਆਂ ਕੀਮਤੀ ਜਾਨਾਂ ਦਾ ਨੁਕਸਾਨ ਹੋਇਆ। ਹੁਣ ਵੀ ਪੰਜਾਬੀ ਅਤੇ ਸਿੱਖ ਇੰਡੀਆ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਵੱਲੋ ਉਚੇਚੇ ਤੌਰ ਤੇ ਇਨ੍ਹਾਂ ਨੂੰ ਨਿਸ਼ਾਨਾਂ ਬਣਾਕੇ ਜ਼ਬਰੀ ਮੌਤ ਦੇ ਮੂੰਹ ਵਿਚ ਧਕੇਲਣ ਦੇ ਅਣਮਨੁੱਖੀ ਅਮਲ ਹੋ ਰਹੇ ਹਨ । ਜਿਸ ਅਧੀਨ ਬਰਤਾਨੀਆ ਦੇ ਸਿੱਖ ਨਾਗਰਿਕ ਸ. ਅਵਤਾਰ ਸਿੰਘ ਖੰਡਾ ਨੂੰ ਇੰਡੀਅਨ ਏਜੰਸੀਆਂ ਨੇ ਜਹਿਰ ਦੇ ਕੇ ਮਾਰ ਦਿੱਤਾ ਹੈ। ਇਸੇ ਤਰ੍ਹਾਂ ਕੈਨੇਡਾ, ਪਾਕਿਸਤਾਨ ਵਿਚ ਵੀ ਸਿੱਖਾਂ ਨੂੰ ਨਿਸ਼ਾਨਾਂ ਬਣਾਇਆ ਗਿਆ ਹੈ। ਜੋ ਪੰਜਾਬੀ ਤੇ ਸਿੱਖ ਬਰਤਾਨੀਆ ਮੁਲਕ ਵਿਚ ਗਏ ਹੋਏ ਹਨ, ਉਹ ਇੰਡੀਅਨ ਹੁਕਮਰਾਨਾਂ ਦੇ ਜ਼ਬਰ ਜੁਲਮ ਤੋ ਪੀੜ੍ਹਤ ਹੋ ਕੇ ਗਏ ਹਨ।
ਉਨ੍ਹਾਂ ਨੂੰ ਵਾਪਸ ਜ਼ਬਰੀ ਭੇਜਕੇ ਅਸਲੀਅਤ ਵਿਚ ਬਰਤਾਨੀਆ ਹਕੂਮਤ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੇ ਨਿਯਮਾਂ ਤੇ ਅਸੂਲਾਂ ਦਾ ਹਨਨ ਕਰ ਰਹੀ ਹੋਵੇਗੀ। ਜਿਸ ਨਾਲ ਬਰਤਾਨੀਆ ਵਰਗੇ ਜਮਹੂਰੀਅਤ ਪਸੰਦ ਮੁਲਕ ਦਾ ਸੰਸਾਰ ਪੱਧਰ ਤੇ ਅਕਸ ਦਾਗੀ ਹੋ ਸਕਦਾ ਹੈ, ਇਸ ਲਈ ਬਿਹਤਰ ਇਹ ਹੋਵੇਗਾ ਕਿ ਬਰਤਾਨੀਆ ਵਿਚ ਵੱਸਣ ਵਾਲੇ ਪੰਜਾਬੀ, ਸਿੱਖ ਭਾਵੇਕਿ ਉਹ ਕਿਸੇ ਰੂਪ ਵਿਚ ਮਜ਼ਬੂਰਨ ਉਥੇ ਗਏ ਹਨ, ਉਨ੍ਹਾਂ ਦੀਆਂ ਜਿੰਦਗਾਨੀਆ ਨੂੰ ਸੁਰੱਖਿਅਤ ਕਰਨ ਦੇ ਅਮਲ ਹੋਣੇ ਚਾਹੀਦੇ ਹਨ ਨਾ ਕਿ ਉਨ੍ਹਾਂ ਨੂੰ ਫਿਰ ਇੰਡੀਅਨ ਹੁਕਮਰਾਨਾਂ ਦੇ ਜ਼ਬਰ ਜੁਲਮ ਦਾ ਸਾਹਮਣਾ ਕਰਨ ਲਈ ਵਾਪਸ ਭੇਜਿਆ ਜਾਵੇ।