(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)






































“ਜੋ ਐਸ.ਜੀ.ਪੀ.ਸੀ. ਨੇ ਸਾਜ਼ਸੀ ਢੰਗ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਨੂੰ 2015 ਵਿਚ ਲਾਪਤਾ ਕੀਤਾ ਸੀ, ਉਨ੍ਹਾਂ ਦੀ ਅੱਜ ਤੱਕ ਨਾ ਤਾਂ ਕੋਈ ਭਾਲ ਹੋਈ ਹੈ ਅਤੇ ਨਾ ਹੀ ਐਸ.ਜੀ.ਪੀ.ਸੀ. ਵੱਲੋਂ ਇਸ ਦਿਸ਼ਾ ਵੱਲ ਕੋਈ ਉਸਾਰੂ ਉੱਦਮ ਕਰਨ ਦੀ ਕੋਸਿਸ ਹੋਈ ਹੈ । ਕਿਉਂਕਿ ਲਾਪਤਾ ਹੋਏ ਗੁਰੂ ਸਾਹਿਬ ਜੀ ਦੇ ਸਰੂਪਾਂ ਦੀ ਸਾਜਿਸ ਵਿਚ ਐਸ.ਜੀ.ਪੀ.ਸੀ. ਦੇ ਮੌਜੂਦਾ ਅਧਿਕਾਰੀਆਂ ਦੀ ਸਮੂਲੀਅਤ ਹੈ।
ਸਿੱਖ ਕੌਮ ਲਈ ਸਭ ਤੋਂ ਮਹੱਤਵਪੂਰਨ ਅਤੇ ਆਪਣੀ ਜਾਨ ਤੋ ਵੀ ਪਿਆਰੇ ਸਤਿਕਾਰਿਤ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ, ਬਾਕੀ ਸਿਆਸਤ ਤੇ ਹੋਰ ਅਮਲ ਬਾਅਦ ਵਿਚ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 2015 ਤੋਂ ਹੀ ਨਿਰੰਤਰ ਇਹ ਆਵਾਜ਼ ਉਠਾਈ ਜਾ ਰਹੀ ਹੈ ਕਿ ਐਸ.ਜੀ.ਪੀ.ਸੀ. ਦੀ ਨਿਗਰਾਨੀ ਹੇਠ ਸੁਰੱਖਿਅਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ 328 ਸਰੂਪਾਂ ਦੀ ਦੁੱਖਦਾਇਕ ਘਟਨਾਂ ਦੀ ਜਾਂਚ ਕਰਵਾਈ ਜਾਵੇ ਅਤੇ ਅੰਮ੍ਰਿਤਸਰ ਵਿਖੇ ਐਫ.ਆਈ.ਆਰ. ਦਰਜ ਕਰਕੇ ਦੋਸ਼ੀ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਹੋਵੇ । ਪਰ ਸਤ੍ਹਾ ਉਤੇ ਅਤੇ ਐਸ.ਜੀ.ਪੀ.ਸੀ ਸੰਸਥਾਂ ਉਤੇ ਕਾਬਜ ਬਾਦਲ ਦਲੀਏ ਨਿਰੰਤਰ ਇਸ ਜਿੰਮੇਵਾਰੀ ਤੋ ਭੱਜਦੇ ਆ ਰਹੇ ਹਨ ਅਤੇ ਸੱਚ ਨੂੰ ਸਾਹਮਣੇ ਆਉਣ ਤੋ ਰੋਕ ਰਹੇ ਹਨ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਆਪਣੇ ਇਸ ਵੱਡੇ ਅਤਿ ਗੰਭੀਰ ਮਿਸਨ ਦੀ ਪ੍ਰਾਪਤੀ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਦੀ ਭਾਲ ਲਈ 19 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ‘ਗੁਰੂ ਲਾਧੋ ਰੇ’ ਦਿਹਾੜਾ ਮਨਾਉਣ ਜਾ ਰਹੀ ਹੈ । ਜਿਸ ਵਿਚ ਸਮੁੱਚੇ ਖਾਲਸਾ ਪੰਥ ਨੂੰ ਹੁੰਮ ਹੁੰਮਾਕੇ ਸਮੂਲੀਅਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ।”
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 19 ਅਗਸਤ ਨੂੰ ਗੁਰੂ ਲਾਧੋ ਰੇ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ ਅਤੇ ਸਮੁੱਚੇ ਪਾਰਟੀ ਮੈਬਰਾਂ, ਸਮਰੱਥਕਾਂ ਅਤੇ ਸਿੱਖ ਕੌਮ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਪਹੁੰਚਣ ਦੀ ਗੱਲ ਕਰਦੇ ਹੋਏ ਕੀਤੀ। ਉਨ੍ਹਾਂ ਕਿਹਾ ਕਿ ਜੋ ਇੰਡੀਅਨ ਹੁਕਮਰਾਨ ਵਜੀਰ ਏ ਆਜਮ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਦੀ ਸਿੱਖ ਕੌਮ ਦਾ ਕਤਲੇਆਮ ਕਰਨ ਵਾਲੀ ਜੁੰਡਲੀ ਵੱਲੋ ਆਜਾਦੀ ਚਾਹੁੰਣ ਵਾਲੇ ਬਾਹਰਲੇ ਮੁਲਕਾਂ ਅਤੇ ਇੰਡੀਅਨ ਸਿੱਖਾਂ ਜਿਨ੍ਹਾਂ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਕਤਲ ਕੀਤੇ ਗਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਘੜਨ ਵਾਲਿਆ ਵਿਰੁੱਧ ਅਤੇ ਸਿੱਖਾਂ ਦਾ ਕਤਲੇਆਮ ਰੋਕਣ ਲਈ ਦੂਸਰੇ ਸੰਗਠਨਾਂ, ਸੰਸਥਾਵਾਂ ਵੱਲੋ ਕੋਈ ਜਿੰਮੇਵਾਰੀ ਪੂਰਨ ਨਹੀ ਕੀਤੀ ਜਾ ਰਹੀ । ਇਥੋ ਤੱਕ ਕੈਨੇਡਾ ਅਤੇ ਅਮਰੀਕਾ ਹੀ ਨਹੀ ਬਲਕਿ ਫਾਈਵ ਆਈ ਮੁਲਕ ਇਸ ਵਿਸੇ ਤੇ ਸੰਜ਼ੀਦਾ ਅਮਲ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੀ ਪ੍ਰਭੂਸਤਾ ਨੂੰ ਵੀ ਇੰਡੀਅਨ ਹੁਕਮਰਾਨਾਂ ਵੱਲੋ ਚੁਣੋਤੀ ਦਿੱਤੀ ਗਈ ਹੈ ਇਸ ਉਤੇ ਵੀ ਕੋਈ ਸੰਗਠਨ, ਆਗੂ ਗੱਲ ਨਹੀ ਕਰ ਰਿਹਾ।
ਫਿਰ 32-32 ਸਾਲਾਂ ਤੋਂ ਜੇਲ੍ਹਾਂ ਵਿਚ ਬੰਦੀ ਸਿੱਖਾਂ, ਸ. ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਡਿਬਰੂਗੜ੍ਹ ਜੇਲ੍ਹ ਵਿਚ ਜ਼ਬਰੀ ਬੰਦੀ ਬਣਾਏ ਗਏ ਸਾਥੀਆਂ ਦੀ ਰਿਹਾਈ, ਕੋਈ ਵੀ ਉਸਾਰੂ ਅਮਲ ਨਹੀ ਹੋ ਰਿਹਾ। ਸੈਂਟਰ ਦੀ ਜਾਬਰ ਸਰਕਾਰ ਦੇ ਸਿੱਖ ਵਿਰੋਧੀ ਹੋ ਰਹੀਆ ਬੇਇਨਸਾਫ਼ੀਆਂ ਅਤੇ 328 ਪਾਵਨ ਸਰੂਪਾਂ ਦੀ ਸੰਜ਼ੀਦਗੀ ਨਾਲ ਭਾਲ ਲਈ ‘ਗੁਰੂ ਲਾਧੋ ਰੇ’ ਦਾ ਦਿਹਾੜਾ 19 ਅਗਸਤ ਨੂੰ ਮਨਾਇਆ ਜਾ ਰਿਹਾ ਹੈ । ਸਮੁੱਚੀ ਸਿੱਖ ਕੌਮ ਨੂੰ ਇਸ ਦਿਹਾੜੇ ਉਤੇ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।