(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਕੈਨੇਡਾ ਦੇ ਰੱਖਿਆ ਮੰਤਰੀ ਰਹਿ ਚੁੱਕੇ ਹਰਜੀਤ ਸਿੰਘ ਸੱਜਣ ਵਿਰੁੱਧ ਗੰਭੀਰ ਦੋਸ਼ ਲਾਉਂਦੀ ਇਕ ਰਿਪੋਰਟ ਸਾਹਮਣੇ ਆਈ ਹੈ। ਕੈਨੇਡਾ ਦੀ ਅਖ਼ਬਾਰ ‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਤਿੰਨ ਸਾਲ ਪਹਿਲਾਂ ਅਫਗਾਨਿਸਤਾਨ ਵਿਚ ਤਾਲਿਬਾਨ ਕਾਬਜ਼ ਹੋ ਰਿਹਾ ਸੀ ਤਾਂ ਹਰਜੀਤ ਸਿੰਘ ਸੱਜਣ ਵੱਲੋਂ ਕਾਬੁਲ ਵਿਖੇ ਫਸੇ 225 ਸਿੱਖਾਂ ਨੂੰ ਸੁਰੱਖਿਅਤ ਕੱਢਣ ਦੀ ਜ਼ਿੰਮੇਵਾਰ ਕੈਨੇਡੀਅਨ ਫੌਜ ਨੂੰ ਸੌਂਪੀ ਗਈ ਜਦਕਿ ਦੂਜੇ ਪਾਸੇ ਵੱਡੀ ਗਿਣਤੀ ਵਿਚ ਕੈਨੇਡੀਅਨ ਨਾਗਰਿਕਾਂ ਨੂੰ ਕੱਢਿਆ ਜਾਣਾ ਬਾਕੀ ਸੀ।

ਉਧਰ ਹਰਜੀਤ ਸਿੰਘ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਉਨ੍ਹਾਂ ਵੱਲੋਂ ਫੌਜ ਨੂੰ ਅਜਿਹਾ ਕੋਈ ਹੁਕਮ ਨਹੀਂ ਦਿਤਾ ਗਿਆ। ਹਰਜੀਤ ਸਿੰਘ ਸੱਜਣ ਨੇ ਦਾਅਵਾ ਕੀਤਾ ਕਿ ਅਫਗਾਨਿਸਤਾਨ ਵਿਚ ਸਿੱਖਾਂ ਨੂੰ ਕੈਨੇਡੀਅਨ ਨਾਗਰਿਕਤਾਂ ਤੋਂ ਵੱਧ ਅਹਿਮੀਅਤ ਨਹੀਂ ਦਿਤੀ ਗਈ। ਅਗਸਤ 2021 ਦੇ ਹਾਲਾਤ ਬਿਆਨ ਕਰਦਿਆਂ ਉਨ੍ਹਾਂ ਕਿਹਾ ਕਿ ਇਕ ਕੈਨੇਡੀਅਨ ਸਿੱਖ ਜਥੇਬੰਦੀ ਤੋਂ ਮਿਲੀ ਜਾਣਕਾਰੀ ਨੂੰ ਫੌਜ ਨਾਲ ਸਿਰਫ ਸਾਂਝਾ ਕੀਤਾ ਗਿਆ ਸੀ। ਇਸ ਦੇ ਉਲਟ ‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਵਿਚ ਉਸ ਵੇਲੇ ਦੇ ਘਟਨਾਕ੍ਰਮ ਨੂੰ ਵੱਖੋ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।

ਮੀਡੀਆ ਵਿਚ ਆਈ ਖ਼ਬਰ ਮੁਤਾਬਿਕ ਬੀ.ਸੀ. ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਜੀਤ ਸਿੰਘ ਸੱਜਣ ਨੇ ‘ਦਾ ਗਲੋਬ ਐਂਡ ਮੇਲ’ ਦੇ ਦਾਅਵੇ ਨੂੰ ਸਰਾਸਰ ਬੇਤੁਕਾ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਅਫਗਾਨ ਸਿੱਖਾਂ ਨੂੰ ਸੁਰੱਖਿਅਤ ਕੱਢਣਾ ਫੈਡਰਲ ਸਰਕਾਰ ਦੀ ਨੀਤੀ ਰਹੀ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੱਢਣ ਦੇ ਯਤਨ ਕੀਤੇ ਗਏ। ਹਰਜੀਤ ਸਿੰਘ ਸੱਜਣ ਨੇ ਦਲੀਲ ਦਿਤੀ ਕਿ ਉਨ੍ਹਾਂ ਨੂੰ ਸਿਰਫ ਇਸ ਕਰ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਹ ਇਕ ਸਿੱਖ ਹਨ। ਜੇ ਉਹ ਸਿੱਖ ਨਾ ਹੁੰਦੇ ਤਾਂ ਅਫਗਾਨ ਸਿੱਖਾਂ ਦੀ ਮਦਦ ਲਈ ਕੀਤੇ ਯਤਨਾਂ ਬਾਰੇ ਕੋਈ ਸਵਾਲ ਨਾ ਉਠਦਾ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਹਰਜੀਤ ਸਿੰਘ ਸੱਜਣ ਦੇ ਇਸ ਦਾਅਵੇ ਨਾਲ ਸਹਿਮਤੀ ਪ੍ਰਗਟਾਈ ਗਈ ਹੈ। ਜਥੇਬੰਦੀ ਨੇ ਕਿਹਾ ਕਿ ਫੈਡਰਲ ਮੰਤਰੀ ਵਿਰੁੱਧ ਲੱਗੇ ਦੋਸ਼ ਪੂਰੀ ਤਰ੍ਹਾਂ ਗੈਰਵਾਜਬ ਹਨ ਅਤੇ ਇਨ੍ਹਾਂ ਦਾ ਮਕਸਦ ਸਿਰਫ ਸਿੱਖਾਂ ਨਾਲ ਵਿਤਕਰਾ ਦੀ ਸੋਚ ਨੂੰ ਉਭਾਰਨਾ ਹੈ।

ਜਥੇਬੰਦੀ ਨੇ ਦੱਸਿਆ ਕਿ 25 ਕੈਨੇਡੀਅਨ ਐਮ.ਪੀਜ਼ ਵੱਲੋਂ ਪਾਰਟੀ ਹੱਦਾਂ ਤੋਂ ਉਪਰ ਉਠ ਕੇ ਜੁਲਾਈ 2020 ਵਿਚ ਉਸ ਵੇਲੇ ਇੰਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੂੰ ਇਕ ਪੱਤਰ ਲਿਖਦਿਆਂ ਅਫਗਾਨ ਸਿੱਖਾਂ ਅਤੇ ਹਿੰਦੂਆਂ ਵਾਸਤੇ ਵਿਸ਼ੇਸ਼ ਯੋਜਨਾ ਉਲੀਕਣ ਦਾ ਸੱਦਾ ਦਿਤਾ ਗਿਆ ਜਿਥੇ ਘੱਟ ਗਿਣਤੀਆਂ ਨੂੰ ਆਤਮਘਾਤੀ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਦੂਜੇ ਪਾਸੇ ਇਸ ਵਿਵਾਦ ਬਾਰੇ ਕੌਮੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਅਫਗਾਨਿਸਤਾਨ ਵਿਚੋਂ ਲੋਕਾਂ ਨੂੰ ਕੱਢਣ ਦੀ ਕਾਰਵਾਈ ਕੈਨੇਡਾ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੀਤੀ ਗਈ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version