ਗੈਰਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਵਾਲੇ ਏਜੰਟਾ ਤੇ ਵੀ ਸਖ਼ਤ ਕਾਰਵਾਈ ਦੀ ਲੋੜ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਅਮਰੀਕਾ ਤੋਂ ਵਾਪਿਸ ਭੇਜੇ ਗਏ ਨੌਜੁਆਨਾਂ ਦੀ ਹੱਡਬੀਤੀ ਸੁਣ ਕੇ ਲਹੂ ਦੇ ਕੰਡੇ ਖੜੇ ਹੋ ਜਾਂਦੇ ਹਨ ਕਿ ਕਿੰਨਾ ਤਸ਼ੱਦਦ ਅਤੇ ਦੁੱਖ ਸਹਿਣ ਕਰਣ ਮਗਰੋਂ ਓਹ ਅਮਰੀਕਾ ਜਾ ਵੱਖ ਵੱਖ ਮੁਲਕਾਂ ਅੰਦਰ ਗ਼ੈਰਕਾਨੂੰਨੀ ਤੌਰ ਤੇ ਰੋਜ਼ੀ ਰੋਟੀ ਦੀ ਭਾਲ ਅੰਦਰ ਪੂਜਦੇ ਹਨ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮਹਿਲਾ ਵਿੰਗ ਦੇ ਮੁੱਖ ਸੇਵਾਦਾਰ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਅਮਰੀਕਾ ਦੇ ਦੁਬਾਰਾ ਬਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਪਣੇ ਫ਼ੌਜੀ ਜਹਾਜ਼ ਰਾਹੀਂ 200 ਤੋਂ ਜ਼ਿਆਦਾ ਭਾਰਤੀਆਂ ਨੂੰ ਹੱਥ-ਪੈਰ ਬੰਨ੍ਹ ਕੇ ਅੰਮ੍ਰਿਤਸਰ ਦੇ ਹਵਾਈ ਅੱਡੇ ਉਤੇ ਸੁੱਟ ਕੇ ਚਲਿਆ ਗਿਆ।
ਇਹ ਇਕ ਅਜਿਹਾ ਅਣਮਨੁੱਖੀ ਵਰਤਾਰਾ ਹੈ ਜਿਹੜਾ ਕਦੇ ਕਿਸੇ ਮੁਲਕ ਵਿਚ ਨਹੀਂ ਵਾਪਰਿਆ । ਪਰ ਦੁੱਖ ਇਸ ਗੱਲ ਦਾ ਲਗ ਰਿਹਾ ਕਿ ਦੇਸ਼ ਦੇ ਸੱਤਾਧਾਰੀ ਇਸ ਬਾਰੇ ਬੋਲ ਨਹੀਂ ਰਹੇ ਹਨ, ਜਦਕਿ ਇਸ ਵਰਤਾਰੇ ਦੀ ਸਖ਼ਤ ਨਿੰਦਾ ਕਰਣ ਦੇ ਨਾਲ ਅਮਰੀਕੀ ਦੁਤਾਵਾਸ ਵਿਚ ਇਸ ਦਾ ਰੋਸ ਪ੍ਰਗਟ ਕਰਣਾ ਚਾਹੀਦਾ ਸੀ । ਅਮਰੀਕਾ ਨੇ ਕਈ ਦੇਸ਼ਾਂ ਦੇ ਪ੍ਰਵਾਸੀਆਂ ਨੂੰ ਅਪਣੇ ਦੇਸ਼ ਵਿਚੋਂ ਕੱਢਿਆ ਹੈ ਪਰ ਜਿਹੜੀ ਜ਼ਲਾਲਤ ਓਸ ਵਲੋਂ ਹਿੰਦੁਸਤਾਨ ਦੀ ਕੀਤੀ ਗਈ ਹੈ, ਉਹ ਕਿਸੇ ਹੋਰ ਨਿੱਕੇ ਤੋਂ ਨਿੱਕੇ ਦੇਸ਼ ਨਾਲ ਵੀ ਨਹੀਂ ਕੀਤੀ ਗਈ।
ਸਾਡੀ ਸਰਕਾਰ ਨੂੰ ਅਪੀਲ ਹੈ ਕਿ ਇੰਨ੍ਹਾ ਡਿਪੋਰਟ ਕੀਤੇ ਬੰਦਿਆ ਨੂੰ ਤੁਰੰਤ ਮੁੜ ਵਸੇਬਾ ਅਤੇ ਰੋਜਗਾਰ ਲਈ ਬਣਦੇ ਕਦਮ ਚੁੱਕੇ ਜਾਣ। ਨਾਲ ਹੀ ਜਿਨ੍ਹਾਂ ਏਜੰਟਾ ਰਾਹੀ ਇਹ ਲੋਕ ਵੱਖ ਵੱਖ ਮੁਲਕਾਂ ਅੰਦਰ ਜਾ ਰਹੇ ਹਨ ਉਨ੍ਹਾਂ ਏਜੰਟਾ ਤੇ ਵੀ ਸਖ਼ਤ ਕਾਰਵਾਈ ਦੀ ਲੋੜ ਹੈ। ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਓਹ ਦੇਸ਼ ਅੰਦਰ ਵੱਧ ਤੋਂ ਵੱਧ ਰੋਜਗਾਰ ਪੈਦਾ ਕਰਣ ਦਾ ਉਪਰਾਲਾ ਕਰਣ ਜਿਸ ਨਾਲ ਦੇਸ਼ ਵਾਸੀਆਂ ਦਾ ਵਿਦੇਸ਼ਾਂ ਅੰਦਰ ਜਾਣਾ ਰੁਕ ਸਕੇ ਤੇ ਉਨ੍ਹਾਂ ਦੀ ਮਿਹਨਤ ਸਦਕਾ ਦੇਸ਼ ਤਰੱਕੀ ਵਲ ਵੱਧ ਸਕੇ।