(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਦਿੱਲੀ ਦੀਆਂ ਸਿੱਖ ਜਥੇਬੰਦੀਆਂ ਨੇ ਮਿਲਕੇ ਇੱਕ ਇੱਕਠ ਕਰਕੇ ਵੇਸਟ ਦਿੱਲੀ ਦੇ ਡੀਸੀਪੀ ਨਾਲ ਕੰਗਣਾ ਰਣੌਤ ਦੀ ਫਿਲਮ “ਐਮਰਜੈਂਸੀ” ਨੂੰ ਸਿਨੇਮਾਘਰਾਂ ਵਿਚ ਇਸ ਦੇ ਪ੍ਰਦਰਸ਼ਨ ਨੂੰ ਰੋਕਣ ਬਾਬਤ ਇੱਕ ਮੰਗ ਪੱਤਰ ਦਿੱਤਾ ਨਾਲ ਹੀ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ ਫਿਲਮ ਤੇ ਪਾਬੰਦੀ ਲਗਾਈ ਜਾਵੇ । ਮੰਗ ਪੱਤਰ ਦੇਣ ਲਈ ਹਾਜਿਰ ਸੰਗਤਾਂ ਨੂੰ ਡੀਸੀਪੀ ਨੇ ਪੂਰਨ ਵਿਸ਼ਵਾਸ ਦਿੱਤਾ ਕੀ ਉਹ ਜਲਦ ਹੀ ਸੈਂਸਰ ਬੋਰਡ ਨੂੰ ਇਸ ਬਾਬਤ ਲਿਖਤੀ ਪੱਤਰ ਦੇਣਗੇ।
ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮਹਿਲਾ ਵਿੰਗ ਦੇ ਮੁੱਖੀ ਬੀਬੀ ਰਣਜੀਤ ਕੌਰ ਨੇ ਦਸਿਆ ਕਿ ਇਹ ਫਿਲਮ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੀ ਹੈ ਤੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆ ਦਾ ਕਿਰਦਾਰ ਅਤੇ ਤੱਥ ਗਲਤ ਪੇਸ਼ ਕਰਣ ਦੇ ਨਾਲ ਸਮੁੱਚੇ ਸਿੱਖ ਕੌਮ ਨੂੰ ਦੋਸ਼ੀ ਠਹਿਰਾਣ ਦੀ ਕੋਸ਼ਿਸ਼ ਕੀਤੀ ਗਈ ਹਰ ਤੇ ਸਿੱਖਾਂ ਨੂੰ ਵੱਖਵਾਦੀ ਦੱਸਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਕੰਗਣਾ ਰਣੌਤ ਦੇ ਮਨ ਵਿਚ ਅਤੇ ਦਿਲ ਵਿਚ ਸਿੱਖਾਂ ਪ੍ਰਤੀ ਕਿੰਨੀ ਨਫਰਤ ਫੈਲੀ ਹੋਈ ਹੈ।
ਪੰਥ ਅੰਦਰ ਇਸ ਫਿਲਮ ਵਿਰੁੱਧ ਵੱਡਾ ਰੋਸ਼ ਪ੍ਰਗਟ ਹੋ ਰਿਹਾ ਹੈ ਤੇ ਦੇਸ਼ ਦੇ ਕਈ ਰਾਜਾਂ ਅੰਦਰ ਮੁਜਾਹਿਰੇ ਹੋਣ ਦਾ ਪਤਾ ਲਗਿਆ ਹੈ । ਉਨ੍ਹਾਂ ਕਿਹਾ ਕਿ ਜ਼ੇਕਰ ਇਹ ਫਿਲਮ ਸਿਨੇਮਾਘਰਾਂ ਅੰਦਰ ਲਗਦੀ ਹੈ ਤਾਂ ਦੇਸ਼ ਦਾ ਭਾਈਚਾਰਕ ਮਾਹੌਲ ਖਰਾਬ ਹੋ ਸਕਦਾ ਹੈ ਇਸ ਲਈ ਸਰਕਾਰ ਅਤੇ ਫਿਲਮ ਸੇੰਸਰ ਬੋਰਡ ਨੂੰ ਇਸ ਤੇ ਤੁਰੰਤ ਪਾਬੰਦੀ ਲਗਾਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਅਸੀਂ ਸੈਂਸਰ ਬੋਰਡ ਨੂੰ ਅਪੀਲ ਕਰਦੇ ਹਾਂ ਕਿ ਇਸ ਫਿਲਮ ਦੀ ਰਿਲੀਜ਼ ਰੋਕੀ ਜਾਵੇ ਨਹੀਂ ਤਾਂ ਇਸਦੇ ਨਤੀਜੇ, ਇਸਦੇ ਅੰਜਾਮ ਲਈ ਸਿੱਖ ਕੌਮ ਜ਼ਿੰਮੇਵਾਰ ਨਹੀਂ ਹੋਵੇਗੀ। ਇਸ ਮੌਕੇ ਉਨ੍ਹਾਂ ਨਾਲ ਯੂਥ ਆਗੂ ਰਮਨਦੀਪ ਸਿੰਘ ਸੋਨੂੰ, ਗੁਰਪ੍ਰੀਤ ਸਿੰਘ ਰਿੰਟਾ, ਅਵਨੀਤ ਸਿੰਘ ਰਾਇਸਨ, ਗੁਰਦੁਆਰਾ ਸ਼੍ਰੋਮਣੀ ਸਿੱਖ ਸੰਗਤ ਦੇ ਪ੍ਰਧਾਨ ਗੁਰਮੀਤ ਸਿੰਘ, ਸਿੱਖ ਸਟੂਡੈਂਟ ਫੈਡਰੇਸ਼ਨ ਵਲੋਂ ਅਵਤਾਰ ਸਿੰਘ ਮਾਖਣ ਸਮੇਤ ਵੱਖ ਵੱਖ ਗੁਰਦੁਆਰੇ ਸਾਹਿਬਾਨ ਦੇ ਪ੍ਰਧਾਨ ਅਤੇ ਵਡੀ ਗਿਣਤੀ ਅੰਦਰ ਸੰਗਤ ਹਾਜਿਰ ਸਨ।