(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਇੰਟਰਨੈਸ਼ਨਲ ਸਿੱਖ ਕੌਂਸਲ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ‘‘ਸੋ ਕਿਉ ਮੰਦਾ ਆਖੀਐ’’ ਕੀਰਤਨ ਸਮਾਗਮ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਮੁੱਖ ਹਾਲ ਵਿੱਚ ਕਰਵਾਇਆ ਗਿਆ, ਜਿਸ ਵਿੱਚ ਦਿੱਲੀ ਦੇ ਵੱਖ-ਵੱਖ ਖੇਤਰਾਂ ਤੋਂ ਔਰਤਾਂ ਆ ਕੇ ਕੀਰਤਨ ਕਰ ਰਹੀਆਂ ਹਨ।
ਇਸ ਮੌਕੇ ‘ਤੇ ਸੰਸਥਾ ਦੀ ਮੁਖੀ ਬੀਬੀ ਤਰਵਿੰਦਰ ਕੌਰ ਖਾਲਸਾ ਨੇ ਦੱਸਿਆ ਕਿ ਸਾਰੀਆਂ ਔਰਤਾਂ ਦੇ ਰਾਹੀਂ ਪ੍ਰਸਤਾਵ ਪਾਸ ਕਰਦਿਆਂ ‘‘ਸੋ ਕਿਉ ਮੰਦਾ ਆਖੀਐ’’ ਕੀਰਤਨੀ ਜੱਥਾ ਬਣਾਇਆ ਗਿਆ ਹੈ, ਜਿਸ ਵਿੱਚ ਸਾਰੀਆਂ ਔਰਤਾਂ ਮਿਲ ਕੇ ਕੀਰਤਨ ਕੀਤਾ ਕਰਨਗੀਆਂ। ਇਸ ਤਰ੍ਹਾਂ ਦੇ ਪ੍ਰੋਗਰਾਮ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ ਕਰਵਾਏ ਜਾਣਗੇ, ਜਿਸ ਵਿੱਚ ਔਰਤਾਂ ਨੂੰ ਗੁਰਮਤ ਨਾਲ ਜੋੜਨ ਦੇ ਯਤਨ ਕੀਤੇ ਜਾਣਗੇ। ਉਸ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋ, ਧਰਮ ਪ੍ਰਚਾਰ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਇਸ ਪ੍ਰੋਗਰਾਮ ਨੂੰ ਸਫਲ ਬਣਾਇਆ ਗਿਆ।
ਬੀਬੀ ਤਰਵਿੰਦਰ ਕੌਰ ਖਾਲਸਾ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋਕਾਂ ਨੂੰ ਗੁਰਮਤ, ਗੁਰੂ ਇਤਿਹਾਸ ਅਤੇ ਮਾਤ ਭਾਸ਼ਾ ਪੰਜਾਬੀ ਨਾਲ ਜੋੜਨ ਲਈ ਲਗਾਤਾਰ ਯਤਨ ਕੀਤੇ ਜਾਂਦੇ ਹਨ। ਪਿਛਲੇ ਦਿਨਾਂ ਵਿੱਚ ਦਿੱਲੀ ਸਮੇਤ ਹੋਰ ਰਾਜਾਂ ਵਿੱਚ ਪੰਜਾਬੀ ਸਿੱਖਲਾਈ ਕੈਂਪ ਲਗਾਏ ਗਏ। ਸਕੂਲੀ ਬੱਚਿਆਂ ਦੀ ਕੀਰਤਨ ਮੁਕਾਬਲਾ ਕਰਵਾਈ ਜਾਂਦੀ ਹੈ। ਬੱਚਿਆਂ ਦੇ ਕੀਰਤਨੀ ਜੱਥੇ ਅਤੇ ਢਾਢੀ ਜੱਥੇ ਤਿਆਰ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਸਕੂਲੀ ਬੱਚੀਆਂ ਨੂੰ ਗਤਕੇ ਦੀ ਸਿੱਖਿਆ ਦਿੱਤੀ ਜਾਵੇਗੀ ਤਾਂ ਕਿ ਉਹ ਆਪਣੀ ਸਵੈ ਰੱਖਿਆ ਕਰ ਸਕਣ। ਇਸੇ ਤਰ੍ਹਾਂ ਦਿੱਲੀ ਦੇ ਸਾਰੇ ਵਾਰਡਾਂ ਦੇ ਸਤ੍ਰੀ ਜੱਥਿਆਂ ਦੀਆਂ ਔਰਤਾਂ ਨੂੰ ਇੱਕ ਮੰਚ ‘ਤੇ ਲਿਆ ਕੇ ਕੀਰਤਨ ਸਮਾਗਮ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਸੇ ਕੜੀ ‘ਚ ਅੱਜ ਪਹਿਲਾ ਸਮਾਗਮ ਕਰਵਾਇਆ ਗਿਆ ਹੈ ਅਤੇ ਜਲਦੀ ਹੀ ਹੋਰ ਪ੍ਰੋਗਰਾਮਾਂ ਦੀ ਘੋਸ਼ਣਾ ਕੀਤੀ ਜਾਏਗੀ।