(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਦਿੱਲੀ ਦੀ ਇਕ ਅਦਾਲਤ ਅੰਦਰ ਚਲ ਰਹੇ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਅੰਦਰ ਅਦਾਲਤ ਵਿਚ ਜਗਦੀਸ਼ ਟਾਈਟਲਰ ਵਿਰੁੱਧ ਗਵਾਹ ਮਨਮੋਹਨ ਕੌਰ ਹਾਜਿਰ ਨਹੀਂ ਹੋਈ। ਅਦਾਲਤੀ ਕਾਰਵਾਈ ਵਿਚ ਇਕ ਹੋਰ ਗਵਾਹ ਬਾਲ ਕਿਸ਼ਨ ਆਰੀਆ ਦੇ ਬਿਆਨ ਅਦਾਲਤ ਦਰਜ਼ ਕੀਤੇ ਗਏ। ਅਦਾਲਤ ਨੇ ਕਿਹਾ ਕਿ ਸੀਬੀਆਈ ਦੇ ਸਰਕਾਰੀ ਵਕੀਲ ਨੇ ਬੇਨਤੀ ਕੀਤੀ ਹੈ ਕਿ ਗਵਾਹਾਂ ਦੀ ਸੂਚੀ ਅਨੁਸਾਰ ਉਸ ਦੇ ਗਵਾਹ ਅਨੁਜ ਸਿਨਹਾ ਨੂੰ ਅਗਲੀ ਤਰੀਕ ‘ਤੇ ਬੁਲਾਇਆ ਜਾਵੇ। ਉਸ ਨੇ ਸਰਕਾਰੀ ਗਵਾਹ ਮਨਮੋਹਨ ਕੌਰ ਅਤੇ ਐਨਡੀ ਪੰਚੋਲੀ ਨੂੰ ਪੇਸ਼ ਕਰਨ ਲਈ ਇੱਕ ਹੋਰ ਮੌਕਾ ਦੇਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਵਲੋਂ ਕੀਤੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਅਦਾਲਤ ਵਲੋਂ ਜਾਂਚ ਅਧਿਕਾਰੀ ਨੂੰ ਉਕਤ ਗਵਾਹਾਂ ਦਾ ਪਤਾ ਲਗਾਉਣ ਦੇ ਨਿਰਦੇਸ਼ ਦੇਣ ਦੇ ਨਾਲ ਮਨਮੋਹਨ ਕੌਰ, ਐਨਡੀ ਪੰਚੋਲੀ ਅਤੇ ਅਨੁਜ ਸਿਨਹਾ ਨੂੰ ਅਗਲੀ ਤਰੀਕ ‘ਤੇ ਬੁਲਾਏ ਜਾਣ ਦੀ ਤਾਕੀਦ ਕੀਤੀ।

ਮਾਮਲੇ ਦੀ ਸੁਣਵਾਈ ਦੌਰਾਨ ਟਾਈਟਲਰ ਅਦਾਲਤ ਵਿੱਚ ਮੌਜੂਦ ਰਹੇ। ਦੱਸ ਦੇਈਏ ਕਿ ਇਹ ਮਾਮਲਾ 1984 ਵਿੱਚ ਦਿੱਲੀ ਦੇ ਗੁਰਦੁਆਰਾ ਪੁਲ ਬੰਗਸ਼ ਵਿੱਚ ਤਿੰਨ ਸਿੱਖਾਂ ਦੇ ਕਤਲ ਨਾਲ ਸਬੰਧਤ ਹੈ। 12 ਨਵੰਬਰ ਨੂੰ ਅਦਾਲਤ ਨੇ ਲਖਵਿੰਦਰ ਕੌਰ, ਜੋ ਕਿ ਬਾਦਲ ਸਿੰਘ ਦੀ ਪਤਨੀ ਹੈ, ਦੇ ਬਿਆਨ ਦਰਜ ਕੀਤੇ ਸਨ। ਸਿੱਖ ਕਤਲੇਆਮ ਦੌਰਾਨ, 1 ਨਵੰਬਰ, 1984 ਨੂੰ, ਬਾਦਲ ਸਿੰਘ ਨੂੰ ਗੁਰਦੁਆਰਾ ਪੁਲ ਬੰਗਸ਼ ਭੀੜ ਨੇ ਮਾਰ ਦਿੱਤਾ ਸੀ। ਅਦਾਲਤ ਨੇ 13 ਸਤੰਬਰ ਨੂੰ ਟਾਈਟਲਰ ਖ਼ਿਲਾਫ਼ ਕਤਲ ਅਤੇ ਹੋਰ ਅਪਰਾਧਾਂ ਦੇ ਦੋਸ਼ ਤੈਅ ਕੀਤੇ ਸਨ। ਪੀੜਿਤ ਪਰਿਵਾਰਾਂ ਵਲੋਂ ਅਦਾਲਤ ਅੰਦਰ ਵਕੀਲ ਗੁਰਬਖ਼ਸ਼ ਸਿੰਘ ਅਤੇ ਕਾਮਨਾ ਵੋਹਰਾ ਪੇਸ਼ ਹੋਏ ਸਨ । ਅਦਾਲਤ ਅੰਦਰ ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 20 ਦਸੰਬਰ ਨੂੰ ਹੋਵੇਗੀ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version