ਸਿੱਖਾਂ ਨਾਲ ਹੁੰਦੇ ਵਿਤਕਰਿਆ ਲਈ ਰਾਜਮੰਤਰੀ ਨੂੰ ਮੰਗਪਤਰ ਦੇਕੇ ਰਾਹੁਲ ਗਾਂਧੀ ਦੇ ਬਿਆਨ ਦੀ ਤੁਸੀਂ ਆਪ ਕੀਤੀ ਪ੍ਰੋੜਤਾ, ਫੇਰ ਉਸਦਾ ਵਿਰੋਧ ਕਿਉਂ.?

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਦਿੱਲੀ ਸਿੱਖ ਗੁਰਦੁਆਰਾ ਕਮੇਟੀ ਤੇ ਕਾਬਿਜ ਮੌਜੂਦਾ ਪ੍ਰਬੰਧਕਾਂ ਵਲੋਂ ਕੇਂਦਰ ਸਰਕਾਰ ਦੇ ਬੀਬੇ ਪੁੱਤ ਬਣਨ ਲਈ ਕਮੇਟੀ ਦੇ ਫੰਡਾ ਦੀ ਦੁਰਵਰਤੋਂ ਨਾਲ ਕੀਤੇ ਜਾ ਰਹੇ ਰਾਹੁਲ ਗਾਂਧੀ ਵਿਰੁੱਧ ਮੁਜਾਹਰੇ ਸਿਰਫ ਆਪਣੀ ਰਾਜਨੀਤੀ ਚਮਕਾਉਂਣ ਵਾਸਤੇ ਹਨ ਜਦਕਿ ਉਨ੍ਹਾਂ ਨੂੰ ਦਸਣਾ ਚਾਹੀਦਾ ਹੈ ਕਿ ਦਿੱਲੀ ਅੰਦਰ ਹੀ ਬਹੁਤ ਸਾਰੇ ਪ੍ਰਮਾਣ ਮੌਜੂਦ ਹਨ ਜਿਨ੍ਹਾਂ ਵਿਚ ਸਿੱਖ ਬੱਚਿਆਂ ਦੇ ਸਕੂਲ ਪ੍ਰਬੰਧਕਾਂ ਵਲੋਂ ਕਕਾਰ ਉਤਰਵਾ ਦਿੱਤੇ ਜਾਂਦੇ ਹਨ, ਸਿੱਖਾਂ ਨਾਲ ਬਦਸਲੂਕੀਆਂ ਹੁੰਦੀਆਂ ਹਨ, ਸਿੱਖਾਂ ਦੇ ਹਕਾਂ ਤੇ ਡਾਕੇ ਮਾਰੇ ਜਾਂਦੇ ਹਨ।

ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਧਰਮ ਪ੍ਰਚਾਰ ਦੇ ਸਾਬਕਾ ਮੁੱਖ ਸੇਵਾਦਾਰ, ਗੁਰਬਾਣੀ ਰਿਸਰਚ ਫਾਉਂਡੇਸ਼ਨ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੇਵਾ ਸੋਸਾਇਟੀ ਦੇ ਚੇਅਰਮੈਨ ਪੰਥਕ ਆਗੂ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਪੰਥ ਦੀ ਹਿੱਕ ਤੇ ਚੜ੍ਹਕੇ ਤੁਸੀਂ ਰਾਜ ਭਾਗ ਦਾ ਅਨੰਦ ਲੈ ਰਹੇ ਹੋ ਤੇ ਤੁਹਾਨੂੰ ਯਾਦ ਹੀ ਨਹੀਂ ਆਇਆ ਕੇ ਐਨੀਆਂ ਕੁਰਬਾਨੀਆਂ ਦੇ ਕੇ ਬਣੀਆਂ ਹੋਈ ਸਿੱਖਾਂ ਦੀ ਸਿਰਮੌਰ ਸੰਸਥਾਵਾਂ ਤੁਸੀਂ ਟਕੇ ਟਕੇ ਦੇ ਭਾਅ ਕਰ ਦਿੱਤੀਆਂ ਹਨ ਤੇ ਹੁਣ ਜਦੋਂ ਤੁਹਾਨੂੰ ਪਤਾ ਲੱਗਾ ਕਿ ਪੱਲੇ ਕੁੱਝ ਨਹੀਂ ਰਿਹਾ, ਸਟਾਫ ਨੂੰ ਤਨਖਾਹ ਤਕ ਨਹੀਂ ਦੇ ਪਾ ਰਹੇ ਤੇ ਚੀਕਾਂ ਮਾਰਣ ਲੱਗ ਪਏ ਹੋ।

ਤੁਹਾਨੂੰ ਦਸਣਾ ਚਾਹੀਦਾ ਕਿ ਰਾਹੁਲ ਗਾਂਧੀ ਨੇ ਅਮਰੀਕਾ ਵਿਚ ਕੀ ਗਲਤ ਕਿਹਾ ਹੈ ਉਨ੍ਹਾਂ ਸਿੱਖਾਂ ਅਤੇ ਘੱਟ ਗਿਣਤੀਆਂ ਨਾਲ ਹੋ ਰਹੇ ਵਿਤਕਰੇ ਨੂੰ ਉਜਾਗਰ ਕੀਤਾ ਤੇ ਜ਼ੇਕਰ ਦੇਸ਼ ਅੰਦਰ ਸਿੱਖਾਂ ਨਾਲ ਵਿਤਕਰਾ ਨਹੀਂ ਹੋ ਰਿਹਾ ਹੈ ਤਾਂ ਤੁਸੀਂ ਬੀਤੇ ਕਲ ਰਾਜ ਮੰਤਰੀ ਨੀਤਿਆਨੰਦ ਨੂੰ ਦੇਸ਼ ਅੰਦਰ ਸਿੱਖਾਂ ਨਾਲ ਹੋ ਰਹੇ ਵਿਤਕਰੇ ਵਿਰੁੱਧ ਮੰਗਪਤਰ ਕਿਸ ਮੂੰਹ ਨਾਲ ਦਿੱਤਾ ਹੈ.? ਜਦਕਿ ਤੁਹਾਡੇ ਮੰਗਪਤਰ ਦਾ ਵਿਸ਼ਾ ਹੀ ਦੇਸ਼ ਅੰਦਰ ਸਿੱਖਾਂ ਨਾਲ ਹੋ ਰਿਹਾ ਵਿਤਕਰਾ ਸੀ ਜਿਸ ਨਾਲ ਤੁਸੀਂ ਖੁਦ ਰਾਹੁਲ ਗਾਂਧੀ ਦੀ ਗੱਲ ਦੀ ਪ੍ਰੋੜਤਾ ਆਪ ਹੀ ਕਰ ਦਿੱਤੀ ਹੈ।

ਬੀਤੇ ਦੋ ਦਿਨ ਪਹਿਲਾਂ ਉਡੀਸਾ ਵਿਖ਼ੇ ਸਿੱਖ ਮੇਜਰ ਅਤੇ ਓਸ ਦੀ ਪਤਨੀ ਨਾਲ ਪੁਲਿਸ ਵਲੋਂ ਕੀਤਾ ਗਿਆ ਅਤਿ ਘਿਨੌਣਾ ਵਿਵਹਾਰ, ਛੱਤੀਸਗੜ੍ਹ ਅੰਦਰ ਸਿੱਖ ਨੌਜੁਆਨ ਨਾਲ ਪੁਲਿਸ ਦਾ ਗਲਤ ਵਿਵਹਾਰ, ਦਿੱਲੀ ਦੇ ਖਾਲਸਾ ਕਾਲਜ ਅੰਦਰ ਅੰਮ੍ਰਿਤਧਾਰੀ ਨੌਜੁਆਨ ਦੀ ਕੁੱਟਮਾਰ ਕਰਣ ਦੇ ਨਾਲ ਓਸ ਦੀ ਪਗ ਉਤਾਰਨੀ, ਲੰਮੇ ਸਮੇਂ ਤੋਂ ਜੇਲ੍ਹਾਂ ਅੰਦਰ ਬੰਦ ਸਿੱਖ ਨੌਜੁਆਨ, ਗੁਰੂਦੁਆਰਾ ਸਾਹਿਬਾਨਾਂ ਨੂੰ ਖੁਰਦ ਬੁਰਦ ਕਰਨਾ, ਹਵਾਈ ਜਹਾਜ ਅੰਦਰ ਸਿੱਖਾਂ ਨੂੰ ਕ੍ਰਿਪਾਨ ਪਾਉਣ ਤੋਂ ਰੋਕਣਾ, ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀਆਂ ਅਤੇ ਹੋਰ ਵੀ ਬਹੁਤ ਸਾਰੇ ਪੰਥ ਦੇ ਗੰਭੀਰ ਮਸਲੇ ਹਨ ਉਨ੍ਹਾਂ ਬਾਰੇ ਕਦੋ ਬੋਲੋਗੇ ਜਾਂ ਸਿਰਫ ਐਮਐਲਏ, ਐਮਪੀ ਦੀਆਂ ਟਿਕਟਾਂ ਲੈਣ ਖਾਤਿਰ ਸਰਕਾਰ ਦੇ ਝੋਲੀਚੂਕ ਹੀ ਬਣੇ ਰਹੋਗੇ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version