(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
“ਇਹ ਕਿੰਨੇ ਦੁੱਖ ਤੇ ਅਫਸੋਸ ਵਾਲੀ ਕਾਰਵਾਈ ਹੈ ਕਿ ਵੈਸੇ ਤਾਂ ਇੰਡੀਆ ਦੀਆਂ ਵੱਖ-ਵੱਖ ਖੇਡਾਂ ਵਿਚ ਟੀਮਾਂ ਸਿਆਸੀ ਪ੍ਰਭਾਵ ਦੀ ਬਦੌਲਤ ਕੌਮਾਂਤਰੀ ਖੇਡਾਂ ਵਿਚ ਉੱਚ ਦਰਜੇ ਦੇ ਤਗਮੇ ਪ੍ਰਾਪਤ ਕਰਨ ਤੋ ਬੀਤੇ ਲੰਮੇ ਸਮੇ ਤੋ ਖੁੰਝਦੇ ਆ ਰਹੇ ਹਨ । ਲੇਕਿਨ ਪੰਜਾਬੀਆਂ ਅਤੇ ਸਿੱਖਾਂ ਦੀ ਇਨ੍ਹਾਂ ਖੇਡਾਂ ਵਿਚ ਜੇ ਕੋਈ ਥੋੜ੍ਹੀ ਬਹੁਤੀ ਉਨ੍ਹਾਂ ਦੀ ਯੋਗਤਾ ਅਨੁਸਾਰ ਸਮੂਲੀਅਤ ਹੋ ਜਾਂਦੀ ਹੈ ਤਦ ਉਹ ਇਹ ਸਤਿਕਾਰ ਮਾਣ ਪ੍ਰਾਪਤ ਕਰਨ ਵਿਚ ਵੱਡਾ ਯੋਗਦਾਨ ਪਾਉਦੇ ਹਨ । ਪਰ ਹੁਣ ਜਦੋ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਓਲੰਪਿਕ ਖੇਡਾਂ ਵਿਚ ਪੈਰਿਸ ਪਹੁੰਚਕੇ ਹਾਕੀ ਦੇ ਉਨ੍ਹਾਂ ਖਿਡਾਰੀਆ ਜੋ ਇਸ ਟੀਮ ਵਿਚ ਸਿੱਖ ਤੇ ਪੰਜਾਬ ਸੂਬੇ ਦੀ ਨੁਮਾਇੰਦਗੀ ਕਰਦੇ ਸਨ, ਉਨ੍ਹਾਂ ਦੀ ਹੌਸਲਾ ਅਫਜਾਈ ਲਈ ਉਥੇ ਜਾਣਾ ਚਾਹੁੰਦੇ ਸਨ।
ਲੇਕਿਨ ਇੰਡੀਅਨ ਮੁਤੱਸਵੀ ਹੁਕਮਰਾਨਾਂ ਨੇ ਉਨ੍ਹਾਂ ਦੀ ਸੁਰੱਖਿਆ ਦਾ ਬਹਾਨਾ ਬਣਾਕੇ ਪੈਰਿਸ ਉਲੰਪਿਕ ਖੇਡਾਂ ਵਿਚ ਜਾਣ ਤੋ ਰੋਕ ਦਿੱਤਾ। ਜੋ ਕਿ ਪੰਜਾਬੀਆਂ ਅਤੇ ਸਿੱਖ ਕੌਮ ਨਾਲ ਅਸਲੀਅਤ ਵਿਚ ਮੰਦਭਾਵਨਾ ਅਧੀਨ ਵੱਡਾ ਵਿਤਕਰਾ ਕੀਤਾ ਗਿਆ ਹੈ । ਜਦੋ ਇੰਡੀਆਂ ਦੇ ਰੱਖਿਆ, ਵਿਦੇਸ਼ੀ ਵਜੀਰ ਅਤੇ ਖੁਦ ਵਜੀਰ ਏ ਆਜਮ ਅਕਸਰ ਹੀ ਬਾਹਰਲੇ ਮੁਲਕਾਂ ਦੇ ਦੌਰੇ ਤੇ ਜਾਂਦੇ ਰਹਿੰਦੇ ਹਨ ਅਤੇ ਜਿਨ੍ਹਾਂ ਨੂੰ ਜੈੱਡ ਪਲੱਸ ਸੁਰੱਖਿਆ ਉਪਲੱਬਧ ਹੈ। ਫਿਰ ਮੁੱਖ ਮੰਤਰੀ ਪੰਜਾਬ ਲਈ ਅਜਿਹਾ ਪ੍ਰਬੰਧ ਕਿਉਂ ਨਹੀ ਕਰ ਸਕੇ ਜਾਂ ਫਿਰ ਉਨ੍ਹਾਂ ਨੂੰ ਉਥੇ ਭੇਜਣਾ ਹੀ ਨਹੀ ਚਾਹੁੰਦੇ ਸਨ ਤਾਂ ਕਿ ਪੰਜਾਬੀਆਂ ਅਤੇ ਸਿੱਖ ਕੌਮ ਦਾ ਕੌਮਾਂਤਰੀ ਪੱਧਰ ਤੇ ਨਾਮ ਰੌਸਨ ਨਾ ਹੋਵੇ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੋ ਆਪਣੀ ਹਾਕੀ ਟੀਮ ਦੇ ਖਿਡਾਰੀਆ ਦੀ ਹੌਸਲਾ ਅਫਜਾਈ ਕਰਨ ਲਈ ਪੈਰਿਸ ਵਿਚ ਜਾਣਾ ਚਾਹੁੰਦੇ ਸਨ ਉਨ੍ਹਾਂ ਨੂੰ ਇੰਡੀਅਨ ਹੁਕਮਰਾਨਾਂ ਵੱਲੋ ਰੋਕ ਦੇਣ ਦੇ ਸਿੱਖ ਕੌਮ ਪ੍ਰਤੀ ਨਫਰਤ ਦੀ ਭਾਵਨਾ ਨੂੰ ਉਜਾਗਰ ਕਰਦੇ ਹੋਏ ਵੱਡਾ ਵਿਤਕਰਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅਜਿਹੇ ਸਮਿਆ ਉਤੇ ਆਪਣੀਆ ਟੀਮਾਂ ਦੇ ਮਨੋਬਲ ਨੂੰ ਹੋਰ ਮਜਬੂਤ ਕਰਨ ਅਤੇ ਉਨ੍ਹਾਂ ਦੀ ਹੋਸਲਾ ਅਫਜਾਈ ਕਰਨ ਲਈ ਜਰੂਰੀ ਹੁੰਦਾ ਹੈ ਕਿ ਕੋਈ ਵੱਡਾ ਚੇਹਰਾ ਅਜਿਹੇ ਮੌਕਿਆ ਤੇ ਪਹੁੰਚੇ।
ਫਿਰ ਅਜਿਹੇ ਸਮਿਆ ਤੇ ਕਿਸੇ ਵੱਡੀ ਸਖਸ਼ੀਅਤ ਵੱਲੋ ਪਹੁੰਚਣ ਤੇ ਖਿਡਾਰੀਆ ਦੇ ਦਿਮਾਗੀ ਸੰਤੁਲਨ ਨੂੰ ਵੀ ਬਲ ਮਿਲਦਾ ਹੈ। ਜਿਸ ਨੂੰ ਇੰਡੀਅਨ ਹੁਕਮਰਾਨਾਂ ਨੇ ਸਾਜਸੀ ਢੰਗ ਨਾਲ ਕੰਮਜੋਰ ਹੀ ਕੀਤਾ ਹੈ ਜੋ ਅਤਿ ਨਿੰਦਣਯੋਗ, ਪੰਜਾਬੀਆਂ ਤੇ ਸਿੱਖ ਕੌਮ ਦੇ ਮਾਣ ਸਨਮਾਨ ਕੌਮਾਂਤਰੀ ਪੱਧਰ ਤੇ ਵੱਧਣ ਵਿਚ ਰੁਕਾਵਟ ਪੈਦਾ ਕੀਤੀ ਗਈ ਹੈ ਜੋ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਲਈ ਅਸਹਿ ਹੈ।