(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੋਤੀ ਨਗਰ ਦੀ ਪ੍ਰਬੰਧਕ ਕਮੇਟੀ ਵੱਲੋਂ ਕਿਸਾਨ ਆਗੂ ਚੌਧਰੀ ਰਾਕੇਸ਼ ਸਿੰਘ ਟਿਕੈਤ ਦਾ ਕਿਸਾਨ ਅੰਦੋਲਨ ‘ਚ ਨਿਭਾਈ ਉਸਾਰੂ ਭੂਮਿਕਾ ਲਈ ਅੱਜ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਥੇ ਦੱਸਣਯੋਗ ਹੈ ਕਿ ਚੌਧਰੀ ਰਾਕੇਸ਼ ਸਿੰਘ ਟਿਕੈਤ ਆਪਣੇ ਨਿੱਜੀ ਦੌਰੇ ਉੱਤੇ ਮੋਤੀ ਨਗਰ ਆਏ ਹੋਏ ਸਨ, ਪਰ ਜਦੋਂ ਕਿਸਾਨ ਅੰਦੋਲਨ ਦੌਰਾਨ ਰੋਜ਼ਾਨਾ ਗੁਰੁਦਵਾਰਾ ਮੋਤੀ ਨਗਰ ਦੀ ਸੰਗਤਾਂ ਵੱਲੋਂ ਪ੍ਰਸ਼ਾਦੇ ਪਕਾ ਕੇ ਸਿੰਘੂ ਬਾਰਡਰ ਉਤੇ ਭੇਜਣ ਦੀ ਕੀਤੀ ਸੇਵਾ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਗੁਰੂਘਰ ਆਉਣ ਦਾ ਫੈਸਲਾ ਲਿਆ।

ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਵਿੰਦਰ ਸਿੰਘ ਬਿੱਟੂ ਅਤੇ ਜਨਰਲ ਸਕੱਤਰ ਰਾਜਾ ਸਿੰਘ ਨੇ ਦੱਸਿਆ ਕਿ ਟਿਕੈਤ ਨੇ ਕਿਸਾਨ ਅੰਦੋਲਨ ਦੌਰਾਨ ਗੁਰਦੁਆਰਿਆਂ ਵੱਲੋਂ ਅੰਦੋਲਨ ਦੀ ਕਾਮਯਾਬੀ ‘ਚ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਿੱਖ ਕੌਮ ਨੂੰ ਅੰਦੋਲਨ ਦੌਰਾਨ ਬੜੇ ਨੇੜਿਓਂ ਸਮਝਣ ਦੀ ਗੱਲ ਕਰਦਿਆਂ ਕਿਹਾ ਕਿ ਇਸ ਅੰਦੋਲਨ ਨੇ ਕਿਸਾਨਾਂ ਅਤੇ ਸਿੱਖਾਂ ਦੀ ਏਕਤਾ ਦੀ ਸਾਂਝ ਨੂੰ ਮਜ਼ਬੂਤ ਕੀਤਾ ਹੈ। ਪਰ ਸਰਕਾਰ ਨੂੰ ਕਿਸਾਨਾਂ ਦੀ ਏਕਤਾ ਰਾਸ ਨਹੀਂ ਆ ਰਹੀ। ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਦੀ ਏਕਤਾ ਅਤੇ ਤਾਕਤ ਨੂੰ ਤੋੜਣ ਵਾਸਤੇ ਆਪਣੇ ਲੋਕਾਂ ਨੂੰ ਪਿੱਛੇ ਲਾ ਕੇ ਨਵੀਆਂ ਕਿਸਾਨ ਜਥੇਬੰਦੀਆਂ ਸਾਹਮਣੇ ਲਿਆਈਆਂ ਜਾ ਰਹੀਆਂ ਹਨ।

ਕਿਸਾਨ ਆਗੂ ਨੇ ਸ਼ੰਭੂ ਬਾਰਡਰ ਉਤੇ ਲੱਗੇ ਮੋਰਚੇ ‘ਚ ਸੰਯੁਕਤ ਕਿਸਾਨ ਮੋਰਚੇ ਦੀ ਸ਼ਮੁਲੀਅਤ ਨਹੀਂ ਹੋਣ ਵੱਲ ਇਸ਼ਾਰਾ ਕਰਦਿਆਂ ਸਰਕਾਰ ਦੀ ਭੂਮਿਕਾ ਉਤੇ ਸਵਾਲ ਚੁੱਕੇ। ਇਸ ਮੌਕੇ ਭਾਈ ਬੀਬਾ ਸਿੰਘ ਖਾਲਸਾ ਸਕੂਲ ਦੇ ਮੈਨੇਜਰ ਡਾਕਟਰ ਪਰਮਿੰਦਰ ਪਾਲ ਸਿੰਘ, ਸਾਬਕਾ ਦਿੱਲੀ ਕਮੇਟੀ ਮੈਂਬਰ ਮਲਕਿੰਦਰ ਸਿੰਘ, ਗੁਰੂ ਨਾਨਕ ਪਬਲਿਕ ਸਕੂਲ ਦੇ ਚੇਅਰਮੈਨ ਇੰਦਰਜੀਤ ਸਿੰਘ (ਰਿਟਾਇਰਡ ਪ੍ਰਿੰਸੀਪਲ), ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਮਨਜੀਤ ਸਿੰਘ, ਭੁਪਿੰਦਰ ਸਿੰਘ, ਹਰਜੀਤ ਸਿੰਘ ਅਤੇ ਮਹਿੰਦਰ ਸਿੰਘ ਭੋਲਾ ਆਦਿਕ ਮੌਜੂਦ ਸਨ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version