(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਸੀ ਬੀ ਐਸ ਈ ਵੱਲੋਂ ਕੱਲ੍ਹ ਐਲਾਨੇ 10ਵੀਂ ਤੇ 12ਵੀਂ ਕਲਾਸ ਦੇ ਨਤੀਜਿਆਂ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ ਸਾਰੀਆਂ ਬ੍ਰਾਂਚਾਂ ਦੇ ਸ਼ਾਨਦਾਰ ਨਤੀਜੇ ਇਹਨਾਂ ਸਕੂਲਾਂ ਨੂੰ ਬਦਨਾਮ ਕਰਨ ਵਾਲੇ ਆਗੂਆਂ ਦੇ ਮੂੰਹ ’ਤੇ ਕਰਾਰੀ ਚਪੇੜ ਹਨ। ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਸੀ ਬੀ ਐਸ ਈ ਵੱਲੋਂ ਐਲਾਨੇ ਨਤੀਜਿਆਂ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ ਸਾਰੀਆਂ ਬ੍ਰਾਂਚਾਂ ਦੇ 10ਵੇਂ ਦੇ ਨਤੀਜੇ 100 ਫੀਸਦੀ ਅਤੇ 12ਵੀਂ ਦੇ ਨਤੀਜੇ 99 ਫੀਸਦੀ ਰਹੇ ਹਨ।
ਉਹਨਾਂ ਕਿਹਾ ਕਿ ਮਿਹਨਤੀ ਵਿਦਿਆਰਥੀਆਂ ਨੇ ਸਕੂਲਾਂ ਦੇ ਬਹੁਤ ਹੀ ਮਿਹਨਤੀ ਤੇ ਯੋਗ ਸਟਾਫ ਦੇ ਮਾਰਗ ਦਰਸ਼ਨ ਹੇਠ ਇਹਨਾਂ ਪ੍ਰੀਖਿਆਵਾਂ ਵਿਚ ਬਹੁਤ ਹੀ ਸ਼ਾਨਦਾਰ ਮੱਲਾਂ ਮਾਰੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਨਤੀਜਿਆਂ ਤੋਂ ਸਪਸ਼ਟ ਹੈ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕੌਮੀ ਰਾਜਧਾਨੀ ਵਿਚ ਸਿੱਖ ਕੌਮ ਦਾ ਉਹ ਗਹਿਣਾ ਹਨ ਜਿਸ ’ਤੇ ਸਮੁੱਚੀ ਕੌਮ ਨੂੰ ਮਾਣ ਹੈ। ਉਹਨਾਂ ਕਿਹਾ ਕਿ ਸਿੱਖੀ ਦਾ ਭੇਸ ਧਾਰ ਕੇ ਘੁੰਮਦੇ ਫਿਰ ਰਹੇ ਕੁਝ ਲੋਕਾਂ ਨੂੰ ਸਿੱਖ ਕੌਮ ਦੀਆਂ ਇਹਨਾਂ ਸੰਸਥਾਵਾਂ ਦੀ ਇਹ ਪ੍ਰਾਪਤੀ ਬਰਦਾਸ਼ਤ ਨਹੀਂ ਹੁੰਦੀ ਤੇ ਇਹ ਕਾਲੀਆਂ ਭੇਡਾਂ ਸਮੇਂ-ਸਮੇਂ ’ਤੇ ਇਹਨਾਂ ਸਕੂਲਾਂ, ਇਹਨਾਂ ਦੇ ਵਿਦਿਆਰਥੀਆਂ ਤੇ ਇਹਨਾਂ ਦੇ ਸਟਾਫ ਖਿਲਾਫ ਕੂੜ ਪ੍ਰਚਾਰ ਕਰਦੀਆਂ ਰਹਿੰਦੀਆਂ ਹਨ।
ਉਹਨਾਂ ਕਿਹਾ ਕਿ ਵਿਦਿਆਰਥੀਆਂ ਨੇ ਆਪਣੀ ਕਰੜੀ ਮਿਹਨਤ ਨਾਲ ਅਜਿਹੀਆਂ ਭੇਡਾਂ ਦੇ ਮੂੰਹ ’ਤੇ ਕਰਾਰੀ ਚਪੇੜ ਮਾਰੀ ਹੈ। ਸ਼ਾਨਦਾਰ ਨਤੀਜਿਆਂ ਲਈ ਸਮੁੱਚੇ ਸਟਾਫ ਨੂੰ ਵਧਾਈ ਦਿੰਦਿੰਆਂ ਅਤੇ ਧੰਨਵਾਦ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਕਮੇਟੀ ਵੱਲੋਂ ਇਹਨਾਂ ਸਕੂਲਾਂ ਨੂੰ ਹੋਰ ਪ੍ਰਫੁੱਲਤ ਕਰਨ ਵਾਸਤੇ ਹਮੇਸ਼ਾ ਵੱਡਮੁੱਲਾ ਸਹਿਯੋਗ ਮਿਲਦਾ ਰਹੇਗਾ। ਉਹਨਾਂ ਨੇ ਸਟਾਫ ਤੇ ਵਿਦਿਆਰਥੀਆਂ ਨੂੰ ਇਹ ਵੀ ਆਖਿਆ ਕਿ ਉਹ ਇਹਨਾਂ ਕੂੜ ਪ੍ਰਚਾਰ ਕਰਨ ਵਾਲਿਆਂ ਦੀ ਪਰਵਾਹ ਨਾ ਕਰਨ, ਸੱਚੇ ਮਾਰਗ ’ਤੇ ਚਲਦਿਆਂ ਅਕਾਲ ਪੁਰਖ ਆਪ ਸੱਚਿਆਂ ਦੀ ਬਾਂਹ ਫੜਦਾ ਹੈ ਤੇ ਅੰਤ ਜਿੱਤ ਸਿਰਫ ਤੇ ਸਿਰਫ ਸੱਚ ਦੀ ਹੀ ਹੁੰਦੀ ਆਈ ਹੈ ਤੇ ਹੁੰਦੀ ਰਹੇਗੀ।