ਗੁਰਦੁਆਰਾ ਪ੍ਰਬੰਧਕ ਕਮੇਟੀ ਤਹਿਕੀਕਾਤ ਕਰਕੇ ਦੋਸ਼ੀਆਂ ਨੂੰ ਸਾਹਮਣੇ ਲਿਆਕੇ ਬੈਲਜੀਅਮ ਕਾਨੂੰਨ ਅਨੁਸਾਰ ਸਜ਼ਾ ਦਿਵਾਏ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
“ਯੂਰਪ ਦੇ ਬੈਲਜੀਅਮ ਗੁਰਦੁਆਰਾ ਸਾਹਿਬ ਸਿੰਤਰੁਦਨ ਵਿਖੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ, ਜਰਨਲ ਸੁਬੇਗ ਸਿੰਘ, ਮਹਾਰਾਜਾ ਰਣਜੀਤ ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦਰ ਮਹਾਨ ਨਾਇਕਾਂ ਅਤੇ ਸ਼ਹੀਦਾਂ ਦੇ ਕੱਦਬੁੱਤ ਫਲੈਕਸ ਲਗਵਾਏ ਗਏ ਸਨ। ਜਿਨ੍ਹਾਂ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਰਾਤ ਨੂੰ ਪਾੜਕੇ ਇਨ੍ਹਾਂ ਸ਼ਹੀਦਾਂ ਦਾ ਅਪਮਾਨ ਕਰਨ ਦੀ ਗੁਸਤਾਖੀ ਕੀਤੀ ਹੈ। ਜੋ ਕਿ ਬਾਹਰਲੇ ਮੁਲਕਾਂ ਵਿਚ ਅਜਿਹੀ ਦੁੱਖਦਾਇਕ ਕਾਰਵਾਈ ਬਿਲਕੁਲ ਨਹੀ ਸੀ ਹੋਣੀ ਚਾਹੀਦੀ। ਇਹ ਕਾਰਵਾਈ ਸਿੱਖ ਕੌਮ ਲਈ ਅਸਹਿ ਹੈ ਅਤੇ ਖ਼ਾਲਸਾ ਪੰਥ ਅਜਿਹੀਆ ਕਾਰਵਾਈਆਂ ਨੂੰ ਕਤਈ ਬਰਦਾਸਤ ਨਹੀ ਕਰੇਗਾ।
ਕਿਉਂਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਖਾਲਸਾ ਪੰਥ ਦੀ ਮਹਾਨ ਸੰਸਥਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ 20ਵੀਂ ਸਦੀਂ ਦੇ ਮਹਾਨ ਸਿੱਖ ਨਾਇਕ ਵੱਜੋ ਸਨਮਾਨੇ ਜਾ ਚੁੱਕੇ ਹਨ ਅਤੇ ਉਨ੍ਹਾਂ ਦੀ ਫੋਟੋ ਸਿੱਖ ਅਜਾਇਬਘਰ ਵਿਚ ਸੁਸੋਭਿਤ ਹੈ ਅਤੇ ਦੂਸਰੇ ਮਹਾਨ ਨਾਇਕ ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ ਅਤੇ ਜਰਨਲ ਸੁਬੇਗ ਸਿੰਘ ਵਰਗੀਆਂ ਸਖਸ਼ੀਅਤਾਂ ਸਿੱਖ ਕੌਮ ਦੀਆਂ ਅਤਿ ਸਤਿਕਾਰਿਤ ਅਤੇ ਮਨੁੱਖਤਾ ਲਈ ਮਹਾਨ ਕੁਰਬਾਨੀਆਂ ਕਰਨ ਵਾਲੀਆ ਅਤੇ ਆਜਾਦੀ ਦੀ ਕੌਮੀ ਗੱਲ ਤੇ ਪਹਿਰਾ ਦੇਣ ਵਾਲੀਆ ਮਹਾਨ ਸਖਸ਼ੀਅਤਾਂ ਹਨ।
ਜੋ ਵੀ ਸ਼ਰਾਰਤੀ ਅਨਸਰ ਸਾਡੇ ਇਨ੍ਹਾਂ ਸਿੱਖ ਨਾਇਕਾਂ ਦਾ ਅਪਮਾਨ ਅਤੇ ਤੋਹੀਨ ਕਰਨ ਦੀ ਕਾਰਵਾਈ ਕਰਦਾ ਹੈ, ਉਸਦੀ ਡੂੰਘਾਈ ਤੱਕ ਤਹਿਕੀਕਾਤ ਕਰਦੇ ਹੋਏ ਅਜਿਹੇ ਦੋਸ਼ੀਆਂ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਾਹਮਣੇ ਲਿਆਵੇ ਅਤੇ ਬੈਲਜੀਅਮ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ ਦੀ ਜਿੰਮੇਵਾਰੀ ਪੂਰਨ ਕਰੇ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੈਲਜੀਅਮ ਦੇ ਸਿੰਤਰੁਦਨ ਗੁਰਦੁਆਰਾ ਸਾਹਿਬ ਵਿਖੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੇ ਲਗਾਏ ਗਏ ਫਲੈਕਸਾਂ ਦਾ ਅਪਮਾਨ ਕਰਨ ਵਾਲੇ ਅਨਸਰਾਂ ਨੂੰ ਖ਼ਬਰਦਾਰ ਕਰਦੇ ਹੋਏ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸਦੀ ਤਹਿਕੀਕਾਤ ਕਰਕੇ ਦੋਸ਼ੀਆਂ ਨੂੰ ਸਾਹਮਣੇ ਲਿਆਕੇ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ ਦੀ ਜਿੰਮੇਵਾਰੀ ਨਿਭਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਅਜਿਹਾ ਅਪਮਾਨ ਕਰਨ ਵਾਲੇ ਅਨਸਰ ਮੋਦੀ ਹਕੂਮਤ ਨਾਲ ਸਾਠ-ਗਾਠ ਕਰਨ ਵਾਲੇ ਕੌਮ ਵਿਚੋ ਵੀ ਹੋ ਸਕਦੇ ਹਨ ਅਤੇ ਹਿੰਦੂਤਵ ਜਮਾਤਾਂ ਵੀ ਹੋ ਸਕਦੀਆਂ ਹਨ । ਪਰ ਇਨ੍ਹਾਂ ਨੇ ਵੀ ਇਹ ਘਿਣੋਨਾ ਅਮਲ ਕੀਤਾ ਹੈ, ਉਹ ਕਿਸੇ ਵੀ ਕੀਮਤ ਤੇ ਸਿੱਖ ਕੌਮ ਦੀ ਨਜ਼ਰ ਵਿਚ ਅਤੇ ਕਾਨੂੰਨ ਦੀ ਨਜ਼ਰ ਵਿਚ ਬਿਲਕੁਲ ਵੀ ਬਖਸੇ ਨਹੀ ਜਾਣੇ ਚਾਹੀਦੇ। ਸ. ਮਾਨ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸਦੇ ਪ੍ਰਧਾਨ ਸ. ਕਰਮ ਸਿੰਘ ਹਨ ਅਤੇ ਜੋ ਬੈਲਜੀਅਮ ਪਾਰਟੀ ਯੂਨਿਟ ਦੇ ਵੀ ਪ੍ਰਧਾਨ ਹਨ, ਉਨ੍ਹਾਂ ਨੇ ਸਮੁੱਚੀ ਪ੍ਰਬੰਧਕ ਕਮੇਟੀ ਦੇ ਮੈਬਰਾਂ ਦਾ ਇਸ ਗੱਲੋ ਵੀ ਤਹਿ ਦਿਲੋ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਹੋਈ ਵਾਰਦਾਤ ਦੀ ਡੂੰਘਾਈ ਤੱਕ ਛਾਣਬੀਨ ਕਰਨ ਦੀ ਜਿੰਮੇਵਾਰੀ ਚੁੱਕਣ ਦੇ ਨਾਲ-ਨਾਲ ਫਿਰ ਤੋ ਮਹਾਨ ਸ਼ਹੀਦਾਂ ਦੇ ਕੱਦਬੁੱਤ ਫਲੈਕਸ ਗੁਰਦੁਆਰਾ ਸਾਹਿਬ ਵਿਚ ਸੁਸੋਭਿਤ ਕਰਵਾਕੇ ਆਪਣੇ ਮਹਾਨ ਸ਼ਹੀਦਾਂ ਦੇ ਸਤਿਕਾਰ ਵਿਚ ਵਾਧਾ ਕੀਤਾ ਹੈ ਅਤੇ ਸਰਾਰਤੀ ਅਨਸਰਾਂ ਨੂੰ ਇਹ ਸੰਦੇਸ ਦਿੱਤਾ ਹੈ ਕਿ ਉਹ ਸਾਡੇ ਫਲੈਕਸ ਪਾੜਕੇ ਸਾਡੇ ਮਨ-ਆਤਮਾਵਾ ਵਿਚ ਆਪਣੇ ਮਹਾਨ ਨਾਇਕਾਂ ਲਈ ਬਣੇ ਸਤਿਕਾਰ, ਮਾਣ ਨੂੰ ਬਿਲਕੁਲ ਨਹੀ ਘਟਾ ਸਕਦੇ।
ਸ. ਮਾਨ ਨੇ ਯੂਰਪਿੰਨ ਸਿੱਖ ਆਰਗਰੇਨਾਈਜੇਸਨ ਦੇ ਪ੍ਰਧਾਨ ਸ. ਬਿੰਦਰ ਸਿੰਘ ਵੱਲੋ ਬੈਲਜੀਅਮ ਵਿਚ ਕੀਤੀਆ ਜਾ ਰਹੀਆ ਪੰਥਕ ਸੇਵਾਵਾਂ ਲਈ ਅਤੇ ਅਜਿਹੀਆ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਵਿਰੁੱਧ ਲਏ ਸਟੈਡ ਲਈ ਵੀ ਤਹਿ ਦਿਲੋ ਧੰਨਵਾਦ ਕੀਤਾ। ਬੈਲਜੀਅਮ ਵਿਚ ਵੱਸਣ ਵਾਲੇ ਸਿੱਖਾਂ ਨੂੰ ਇਹ ਅਪੀਲ ਕੀਤੀ ਕਿ ਉਹ ਆਪੋ ਆਪਣੇ ਗੁਰੂਘਰਾਂ ਵਿਚ ਹੋਣ ਵਾਲੀਆ ਸਰਗਰਮੀਆ, ਧਾਰਮਿਕ ਕਾਰਵਾਈਆ ਵਿਚ ਆਪਸੀ ਮਿਲਵਰਤਣ ਨਾਲ ਖ਼ਾਲਸਾ ਪੰਥ ਦੇ ਸੰਦੇਸ ਨੂੰ ਇਨ੍ਹਾਂ ਮੁਲਕਾਂ ਦੇ ਨਿਵਾਸੀਆ ਅਤੇ ਸਰਕਾਰਾਂ ਵਿਚ ਪਹੁੰਚਾਉਣ ਦੀ ਜਿੰਮੇਵਾਰੀ ਨਿਭਾਉਦੇ ਰਹਿਣ। ਕਿਉਂਕਿ ਖ਼ਾਲਸਾ ਪੰਥ ਜਲਦੀ ਹੀ ਆਪਣੀ ਆਜਾਦੀ ਦੀ ਮੰਜਿਲ ਦੇ ਮਿਸਨ ਨੂੰ ਪ੍ਰਾਪਤ ਕਰਨ ਵੱਲ ਵੱਧ ਰਿਹਾ ਹੈ ਅਤੇ ਅਜਿਹੇ ਸ਼ਰਾਰਤੀ ਅਨਸਰ ਆਪਣੇ ਮੰਦਭਾਵਨਾ ਭਰੇ ਮਿਸਨ ਵਿਚ ਕਤਈ ਕਾਮਯਾਬ ਨਹੀ ਹੋ ਸਕਣਗੇ।