(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
“ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਸਾਲ 31 ਅਕਤੂਬਰ ਵਾਲੇ ਦਿਹਾੜੇ ਉਤੇ ਸ. ਬੇਅੰਤ ਸਿੰਘ ਦੀ ਸ਼ਹੀਦੀ ਬਰਸੀ ਦਿੱਲੀ ਵਿਖੇ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਸ਼ਹੀਦੀ ਅਰਦਾਸ ਕਰਦੇ ਹੋਏ ਇਸ ਦਿਨ ਨੂੰ ਨਿਰੰਤਰ ਮਨਾਉਦਾ ਆ ਰਿਹਾ ਹੈ । ਇਸ ਸ਼ਹੀਦੀ ਸਮਾਗਮ ਲਈ ਅਸੀਂ ਹਰ ਸਾਲ ਦਿੱਲੀ ਸਰਕਾਰ ਤੋ ਲਿਖਤੀ ਪ੍ਰਵਾਨਗੀ ਲੈਦੇ ਹਾਂ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਇਸ ਦਿਹਾੜੇ ਦੀ ਅਰਦਾਸ ਲਈ ਸਹਿਯੋਗ ਕਰਨ ਲਈ ਪੱਤਰ ਲਿਖਦੇ ਹਾਂ। ਜਿਸ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾਂ ਸਹਿਯੋਗ ਕਰਦੀ ਰਹੀ ਹੈ।
ਪਰ ਨਾ ਤਾਂ ਸ. ਸਰਬਜੀਤ ਸਿੰਘ, ਨਾ ਹੀ ਉਨ੍ਹਾਂ ਨਾਲ ਚੱਲਣ ਵਾਲੇ ਕਦੀ ਵੀ ਦਿੱਲੀ ਵਿਖੇ ਹਰ ਸਾਲ ਹੋਣ ਵਾਲੇ ਸ਼ਹੀਦੀ ਸਮਾਗਮ ਤੇ ਅਰਦਾਸ ਵਿਚ ਕਦੀ ਸਾਮਿਲ ਨਹੀ ਹੋਏ । ਫਿਰ ਇਕਦਮ ਇਹ ਪ੍ਰਚਾਰ ਕਿਵੇ ਸੁਰੂ ਹੋ ਗਿਆ ਕਿ ਮੈਂ (ਸਿਮਰਨਜੀਤ ਸਿੰਘ ਮਾਨ) ਸ਼ਹੀਦ ਪਰਿਵਾਰਾਂ ਅਤੇ ਸ਼ਹੀਦਾਂ ਦਾ ਸਤਿਕਾਰ ਨਹੀ ਕਰਦਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ਼ਹੀਦਾਂ ਦੇ ਖਿਲਾਫ਼ ਹੈ ਅਜਿਹੀ ਭਰਾਮਾਰੂ ਜੰਗ ਦੀ ਚੋਣਾਂ ਦੀ ਜੰਗ ਸਮੇਂ ਕੀਤੀ ਜਾ ਰਹੀ ਸੁਰੂਆਤ ਦਾ ਕੀ ਮਕਸਦ ਹੈ ? ਚੋਣਾਂ ਸਮੇਂ ਸਾਡੀ ਸਾਜਸੀ ਢੰਗ ਨਾਲ ਕਿਰਦਾਰਕੁਸੀ ਕਰਨ ਵਾਲਾ ਮਾਹੌਲ ਕਿਉਂ ਉਸਾਰਿਆ ਜਾ ਰਿਹਾ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨਾਂ ਤੋਂ ਸ. ਸਰਬਜੀਤ ਸਿੰਘ ਸਪੁੱਤਰ ਸ਼ਹੀਦ ਭਾਈ ਬੇਅੰਤ ਸਿੰਘ ਅਤੇ ਉਨ੍ਹਾਂ ਦੇ ਸਮਰੱਥਕਾਂ ਵੱਲੋ ਮੀਡੀਏ ਤੇ ਬਿਜਲਈ ਮੀਡੀਏ ਉਤੇ ਮੇਰੇ ਵਿਰੁੱਧ ਅਤੇ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵਿਰੁੱਧ ਕੀਤੇ ਜਾ ਰਹੇ ਗੈਰ ਦਲੀਲ ਅਤੇ ਗੈਰ ਇਖਲਾਕੀ ਗੁੰਮਰਾਹਕੁੰਨ ਪ੍ਰਚਾਰ ਉਤੇ ਸਮੁੱਚੇ ਖ਼ਾਲਸਾ ਪੰਥ ਦੀ ਕਚਹਿਰੀ ਵਿਚ ਰੱਖਦੇ ਹੋਏ ਅਸਲ ਸਥਿਤੀ ਨੂੰ ਸਮਝਣ, ਸੱਚ ਅਤੇ ਝੂਠ ਦਾ ਆਪਣੀ ਦੂਰਅੰਦੇਸ਼ੀ ਸੋਚ ਰਾਹੀ ਨਿਰਣਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ।