(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਕਿਸਾਨੀ ਬਹੁਤ ਹੀ ਦਿਨ-ਰਾਤ ਦੀ ਮਿਹਨਤ ਅਤੇ ਅਤਿ ਦੀ ਗਰਮੀ-ਸਰਦੀ ਦੇ ਮੌਸਮ ਵਿਚ ਵੀ ਆਪਣੀ ਫ਼ਸਲ ਦੀ ਦੇਖਭਾਲ ਕਰਨ ਹਿੱਤ ਕਿਸਾਨਾਂ ਨੂੰ ਆਪਣੀ ਫ਼ਸਲ ਪਾਲਣ ਲਈ ਬਹੁਤ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਪੰਜਾਬ ਸਰਕਾਰ ਤੇ ਸੈਂਟਰ ਦੀਆਂ ਕਿਸਾਨ, ਖੇਤ-ਮਜਦੂਰ ਪ੍ਰਤੀ ਅਪਣਾਈਆ ਦਿਸ਼ਾਹੀਣ ਨੀਤੀਆ ਦੀ ਬਦੌਲਤ ਕਿਸਾਨੀ ਕਿੱਤਾ ਤਬਾਹ ਕਰਕੇ ਰੱਖ ਦਿੱਤਾ ਹੈ ਅਤੇ ਕਿਸਾਨ ਵਰਗ ਇਸਦੀ ਬਦੌਲਤ ਤ੍ਰਾਹ-ਤ੍ਰਾਹ ਕਰ ਰਿਹਾ ਹੈ ਅਤੇ ਪਿਛਲੇ ਲੰਮੇ ਸਮੇਂ ਤੋਂ ਅੰਦੋਲਨ ਤੇ ਰਾਹ ਉਪਰ ਚਲ ਰਿਹਾ ਹੈ ਜਿਸ ਲਈ ਪੰਜਾਬ ਤੇ ਸੈਂਟਰ ਦੀਆਂ ਦੋਵੇ ਸਰਕਾਰਾਂ ਸਿੱਧੇ ਤੌਰ ਤੇ ਜਿੰਮੇਵਾਰ ਹਨ ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮਹਿਲਾ ਵਿੰਗ ਦੇ ਮੁੱਖ ਸੇਵਾਦਾਰ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਕੀਤੇ ਆਪਣੇ ਪ੍ਰੈਸ ਨੋਟ ਰਾਹੀਂ ਕਿਹਾ ਕਿ ਇਸਦੇ ਨਾਲ ਹੀ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਸਿੱਖ ਸਿਆਸੀ ਬੰਦੀ ਸਿੰਘ ਜਿਨ੍ਹਾਂ ਨੂੰ ਦੇਸ਼ ਦੇ ਮੌਜੂਦਾ ਮੁੱਖਮੰਤਰੀ ਨਰਿੰਦਰ ਮੋਦੀ ਨੇ ਰਾਹਤ ਦੇਕੇ ਜੇਹਲੀ ਜਿੰਦਗੀ ਤੋਂ ਵਾਪਿਸ ਮੁੱਖ ਧਾਰਾ ਵਿਚ ਲਿਆਉਣ ਬਾਰੇ ਕਿਹਾ ਸੀ, ਅਜ ਤਕ ਕੁਝ ਨਹੀਂ ਕੀਤਾ ਉਲਟਾ ਸ਼੍ਰੋਮਣੀ ਕਮੇਟੀ ਵਲੋਂ ਇਸ ਮਾਮਲੇ ਦੇ ਹੱਲ ਲਈ ਲਿਖੀਆਂ ਚਿਠੀਆਂ ਦਾ ਜੁਆਬ ਤਕ ਨਹੀਂ ਦੇ ਕੇ ਸਿੱਖ ਪੰਥ ਨੂੰ ਦੁਰਜੇ ਦਰਜੇ ਦੇ ਸ਼ਹਿਰੀ ਹੋਣ ਦਾ ਬਾਰ ਬਾਰ ਅਹਿਸਾਸ ਕਰਵਾਇਆ ਹੈ ।
ਸਿੱਖ ਪੰਥ ਦੇ ਗੁਰਦੁਆਰਾ ਸਾਹਿਬ ਢਾਹੇ ਗਏ ਸਰਕਾਰੀ ਕਬਜੇ ਕੀਤੇ ਗਏ, ਪੰਥ ਵਲੋਂ ਹੱਲਾ ਮਚਾਉਣ ਦੇ ਬਾਵਜੂਦ ਕੌਈ ਕਾਰਵਾਈ ਨਹੀਂ..? ਪੰਜਾਬ ਦਾ ਪਾਣੀ ਹਰਿਆਣਾ ਰਾਜਸਥਾਨ ਨੂੰ ਰਾਈਪਿਰੀਅਨ ਕਨੂੰਨ ਦੀ ਉਲੰਘਣਾ ਕਰਕੇ ਦਿੱਤਾ ਜਾ ਰਿਹਾ ਅਤੇ ਕਿਸੇ ਕਿਸਮ ਦਾ ਮੁਆਵਜਾ ਤਕ ਪੰਜਾਬ ਨੂੰ ਨਹੀਂ ਮਿਲ ਰਿਹਾ..?
ਦੇਸ਼ ਅੰਦਰ ਘੱਟ ਗਿਣਤੀਆਂ ਦੇ ਨਾਲ ਔਰਤਾਂ ਉਪਰ ਹੋ ਰਹੇ ਜ਼ੁਲਮਾਂ ਨੂੰ ਦੇਖ ਕੇ ਸੰਸਾਰ ਦੇ ਲੋਕ ਹੈਰਾਨ ਰਹਿ ਰਹੇ ਹਨ । ਕਿਉਂਕਿ ਚੋਣਾਂ ਅੰਦਰ ਹਿੰਦੂ ਹਿੰਦੀ ਤੇ ਹਿੰਦੁਸਤਾਨ ਦੀ ਗੱਲ ਤੋਂ ਅਲਾਵਾ ਦੇਸ਼ ਦੀ ਤਰੱਕੀ, ਬੱਚਿਆਂ ਨੂੰ ਉਚ ਪੜਾਈ, ਬੇਰੋਜਗਾਰਾਂ ਨੂੰ ਰੋਜਗਾਰ, ਵੱਧ ਰਹੀ ਮਹਿੰਗਾਈ ਉਪਰ ਕਿਸੇ ਕਿਸਮ ਦੀ ਚਰਚਾ ਨਹੀਂ ਹੋ ਰਹੀ ਹੈ ।
ਸ਼੍ਰੋਮਣੀ ਅਕਾਲੀ ਦਲ ਜੋ ਕਿ ਪੰਥ ਦੇ ਮਾਣਮੱਤੇ ਇਤਿਹਾਸ ਤੋਂ ਨਿਕਲੀ ਸ਼ਹੀਦਾਂ ਦੀ ਜਥੇਬੰਦੀ ਹੈ ਜੋ ਕਿ ਸਿੱਖ ਪੰਥ ਦੇ ਹਕਾਂ ਲਈ ਤਰਜ਼ਮਾਨੀ ਕਰਦੀ ਹੈ । ਇਸ ਲਈ ਅਸੀ ਸਮੂਹ ਪੰਜਾਬ ਵਾਸੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦੁਆਰਾ ਨੂੰ ਭਾਰੀ ਮੱਤਾ ਨਾਲ ਜਿਤਾਉਣ ਦੀ ਅਪੀਲ ਕਰਦੇ ਹਾਂ ।