(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਅਸਲ ਲੋਕਤੰਤਰ ਵਿੱਚ ਸਰਕਾਰ ਨੂੰ ਆਮ ਲੋਕਾਂ ਦੇ ਬੁਨਿਆਦੀ ਹੱਕਾਂ ਦੀ ਰਾਖੀ ਕਰਦੇ ਹੋਏ ਪੂੰਜੀਪਤੀਆਂ ਦੀ ਲੁੱਟ ਤੋਂ ਬਚਾਉਣਾ ਹੁੰਦਾ ਹੈ ਪਰ ਇੱਥੇ ਸਰਕਾਰ ਲੋਕਾਂ ਨੂੰ ਆਪਣੇ ਮੁੱਢ ਕਦੀਮ ਦੁਸ਼ਮਣ ਮੰਨਦੇ ਹੋਏ ਹਰ ਹੀਲਾ ਹਰਬਾ ਵਰਤ ਕੇ ਉਨ੍ਹਾਂ ਦੀ ਅਵਾਜ਼ ਬੰਦ ਕਰ ਰਹੀ ਹੈ। ਮਾਨੋ ਸਹੀ ਇਤਿਹਾਸ ਰੁਕ ਗਿਆ ਹੈ ਅਤੇ ਹਰ ਪਲ ਹਰ ਰਿਕਾਰਡ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਜਾਂ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਤਿਹਾਸ ਆਪਣੇ ਤਰੀਕੇ ਨਾਲ ਲਿਖਿਆ ਜਾ ਰਿਹਾ ਹੈ, ਤਸਵੀਰਾਂ ਆਪਣੇ ਢੰਗ ਨਾਲ ਬਣਵਾਈਆਂ ਜਾ ਰਹੀਆਂ ਹਨ, ਬੁੱਤ, ਸੜਕਾਂ, ਇਮਾਰਤਾਂ ਸ਼ਹਿਰਾਂ ਦੇ ਨਾਮ ਬਦਲੇ ਜਾ ਰਹੇ ਹਨ। ਸਿਆਸਤਦਾਨ ਆਪੋ-ਆਪਣੀ ਪਾਰਟੀ ਨੂੰ ਹਮੇਸ਼ਾ ਸਹੀ ਸਾਬਤ ਕਰਨ ਲਈ ਧਰਮ, ਪ੍ਰੰਪਰਾਵਾ, ਮਰਿਯਾਦਾਵਾਂ, ਅਸੂਲ, ਈਮਾਨ ਆਦਿਕ ਸਭ ਕੁੱਝ ਮਿਟਾਉਣ, ਭੁਲਾਉਣ ਤੇ ਝੁਠਲਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਨ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ ਦੇ ਮੁੱਖ ਸੇਵਾਦਾਰ ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਸਮਰਾ, ਜਨਰਲ ਸਕੱਤਰ ਸਤਿੰਦਰਪਾਲ ਸਿੰਘ ਮੰਗੂਵਾਲ, ਆਰਗੇਨਾਈਜ਼ਰ ਪ੍ਰੀਤਕਮਲ ਸਿੰਘ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਕਿਹਾ ਕਿ ਕੌਮਾਂ ਬਾਹਰੀ ਹਮਲਿਆਂ ਨਾਲ ਨਹੀਂ ਬਲਕਿ ਅੰਦਰੂਨੀ ਖਾਨਾਜੰਗੀ ਨਾਲ ਖਤਮ ਹੁੰਦੀਆਂ ਹਨ। ਬਹੁਤ ਅਫਸੋਸਨਾਕ ਹੈ ਕਿ ਵਰਤਮਾਨ ਸਮੇਂ ਦੁਨੀਆਂ ਵਿੱਚ ਸਿੱਖ ਕੌਮ ਪ੍ਰਤੀ ਸਹੀ ਦਿਸ਼ਾ ਵਿੱਚ ਚੱਲ ਰਹੀ ਲਹਿਰ ਦੇ ਬਾਵਜੂਦ ਵੀ ਕੌਮ ਵਿੱਚ ਭਰਾ ਮਾਰੂ ਜੰਗ ਜਾਰੀ ਹੈ। ਕਾਸ਼ ਕਿ ਸਾਰੇ ਹੁਣ ਤੱਕ ਦੀਆਂ ਗਲਤੀਆਂ ਤੋਂ ਸਬਕ ਸਿੱਖਦੇ ਹੋਏ ਕੌਮੀ ਭਵਿੱਖ ਪ੍ਰਤੀ ਸੁਹਿਰਦ ਹੋਣ। ਸਾਡੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਮਿਹਰ ਕਰੋ, ਸਭ ਨੂੰ ਇਕ ਨਿਸ਼ਾਨ ਹੇਠ ਇਕੱਠੀਆਂ ਹੋਣ ਦੀ ਸੁਮੱਤ ਬਖਸ਼ੋ ਤੇ ਪੰਥ ਦੇ ਸੰਸਾਰ ਅੰਦਰ ਬੋਲਬਾਲੇ ਹੁੰਦੇ ਰਹਿਣ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version