ਮਨਪ੍ਰੀਤ ਸਿੰਘ ਖਾਲਸਾ।
ਬੱਚਿਆਂ ਨੂੰ ਮੋਬਾਈਲ ਅਤੇ ਆਨਲਾਈਨ ਗੇਮਿੰਗ ਦੀ ਵਧ ਰਹੀ ਲਤ ਦੇ ਸੰਭਾਵਿਤ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਖੇਡਾਂ ਤੇ ਰਚਨਾਤਮਕ ਗਤੀਵਿਧੀਆਂ ਨਾਲ ਜੋੜਨ ਲਈ ਨੈਸ਼ਨਲ ਅਕਾਲੀ ਦਲ ਦੀ ਸੋਸ਼ਲ ਵਿੰਗ ਵੱਲੋਂ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਸੋਸ਼ਲ ਵਿੰਗ ਦੀ ਕੌਮੀ ਪ੍ਰਧਾਨ ਰਸ਼ਮੀਤ ਕੌਰ ਬਿੰਦਰਾ ਦੀ ਅਗਵਾਈ ਹੇਠ ਹੋਏ ਪ੍ਰੋਗਰਾਮ ਵਿੱਚ ਦਲ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਪੰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਬੱਚਿਆਂ ਨੂੰ ਖੇਡ ਸਮੱਗਰੀ, ਪੇਂਟਿੰਗ ਦਾ ਸਾਮਾਨ ਅਤੇ ਹੋਰ ਲੋੜੀਂਦੀਆਂ ਵਸਤਾਂ ਵੰਡੀਆਂ ਗਈਆਂ।
ਬੱਚਿਆਂ ਨੂੰ ਰੇਸ, ਖੋ-ਖੋ, ਲੂਡੋ, ਸ਼ਤਰੰਜ ਅਤੇ ਪੇਂਟਿੰਗ ਵਰਗੀਆਂ ਗਤੀਵਿਧੀਆਂ ਨਾਲ ਜੋੜਦਿਆਂ ‘ਮੋਬਾਈਲ ਛੱਡੋ, ਮੈਦਾਨ ਨਾਲ ਨਾਤਾ ਜੋੜੋ’ ਅਤੇ ‘ਖੇਡੋ ਇੰਡੀਆ, ਸਿਹਤਮੰਦ ਇੰਡੀਆ’ ਦਾ ਸੁਨੇਹਾ ਦਿੱਤਾ ਗਿਆ। ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੇ ਸਿਹਤਮੰਦ ਤੇ ਉੱਜਵਲ ਭਵਿੱਖ ਲਈ ਪਰਿਵਾਰ, ਸਮਾਜ ਅਤੇ ਸੰਸਥਾਵਾਂ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਤਕਨਾਲੋਜੀ ਤੋਂ ਪੂਰੀ ਤਰ੍ਹਾਂ ਦੂਰ ਕਰਨ ਦੀ ਬਜਾਏ ਇਸ ਦੀ ਸੰਤੁਲਿਤ ਵਰਤੋਂ ਸਿਖਾਉਣ ਦੇ ਨਾਲ ਖੇਡਾਂ ਅਤੇ ਰਚਨਾਤਮਕ ਗਤੀਵਿਧੀਆਂ ਵੱਲ ਲਿਜਾਣਾ ਜ਼ਰੂਰੀ ਹੈ।
ਰਸ਼ਮੀਤ ਕੌਰ ਬਿੰਦਰਾ ਨੇ ਕਿਹਾ ਕਿ ਬੱਚਿਆਂ ਨੂੰ ਮੋਬਾਈਲ ਸਕਰੀਨ ਦੀ ਥਾਂ ਖੇਡਾਂ, ਕਲਾ ਅਤੇ ਹੋਰ ਸਕਾਰਾਤਮਕ ਗਤੀਵਿਧੀਆਂ ਲਈ ਵੱਧ ਮੌਕੇ ਮਿਲਣੇ ਚਾਹੀਦੇ ਹਨ। ਇਸ ਮੌਕੇ ਵਿਕਰਾਂਤ ਮੋਹਨ, ਭਾਵਨਾ ਧਵਨ, ਤ੍ਰਿਲੋਚਨ ਸਿੰਘ ਕੁੰਡਲ, ਅਵਤਾਰ ਸਿੰਘ ਭੁਰਜੀ, ਬਲਬੀਰ ਸਿੰਘ ਨਾਮਧਾਰੀ, ਜਗਜੀਤ ਸਿੰਘ, ਸੁਨੀਤਾ ਅਰੋੜਾ, ਰਿਦਮ ਚੱਢਾ, ਪ੍ਰਦੀਪ ਸਿੰਘ, ਜਸਬੀਰ ਸਿੰਘ ਕਾਲਸੀ, ਹਰਪ੍ਰੀਤ ਸਿੰਘ ਅਤੇ ਗੁਰਜੀਤ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ। ਆਗੂਆਂ ਨੇ ਆਨਲਾਈਨ ਗੇਮਿੰਗ ਦੇ ਮਾੜੇ ਪ੍ਰਭਾਵਾਂ ਤੋਂ ਬੱਚਿਆਂ ਨੂੰ ਬਚਾਉਣ ਲਈ ਆਨਲਾਈਨ ਗੇਮਿੰਗ ’ਤੇ ਪਾਬੰਦੀ ਲਗਾਉਣ ਦੀ ਮੰਗ ਵੀ ਕੀਤੀ।
ਅੰਤ ਵਿਚ ਪੰਮਾ ਨੇ ਸੁਨੇਹਾ ਦੇਂਦਿਆ ਕਿਹਾ ਬੱਚਿਆਂ ਨੂੰ ਸਿਰਫ਼ ਮੋਬਾਈਲ ਤੋਂ ਦੂਰ ਕਰਨ ਦੀ ਗੱਲ ਕਰਨਾ ਕਾਫ਼ੀ ਨਹੀਂ, ਸਗੋਂ ਉਨ੍ਹਾਂ ਨੂੰ ਖੇਡਣ, ਸਿੱਖਣ ਅਤੇ ਆਪਣੀ ਪ੍ਰਤਿਭਾ ਨਿਖਾਰਨ ਦੇ ਬਿਹਤਰ ਮੌਕੇ ਦੇਣੇ ਵੀ ਜ਼ਰੂਰੀ ਹਨ। ਮਾਪੇ ਬੱਚਿਆਂ ਨੂੰ ਸਮਾਂ ਦੇਣ ਅਤੇ ਉਨ੍ਹਾਂ ਨਾਲ ਮੈਦਾਨੀ ਖੇਡਾਂ ਤੇ ਰਚਨਾਤਮਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ। ਮੋਬਾਈਲ ਦੀ ਸਕਰੀਨ ਨਹੀਂ, ਮੈਦਾਨ ਦੀ ਜ਼ਿੰਦਗੀ ਬੱਚਿਆਂ ਦਾ ਭਵਿੱਖ ਸੰਵਾਰ ਸਕਦੀ ਹੈ।

































