(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਵਿੰਗ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਹੈ ਕਿ ਗੁਰੂ ਸਾਹਿਬ ਦਾ ਇਕ ਸ਼ਬਦ ਮਨ ਵਿਚ ਵਸਾਉਣ ਨਾਲ ਮਨੂੱਖ ਦਾ ਜੀਵਨ ਬਦਲ ਜਾਂਦਾ ਹੈ।
ਅੱਜ ਜਵੱਦੀ ਟਕਸਾਲ ਵਿਖੇ 450 ਸਾਲਾ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਅਤੇ ਗੁਰੂ ਰਾਮਦਾਸ ਜੀ ਦੇ ਗੁਰਤਾਗੱਦੀ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਉਦਾਹਰਣਾਂ ਸਮੇਤ ਦੱਸਿਆ ਕਿ ਕਿਵੇਂ ਗੁਰੂ ਸਾਹਿਬ ਦਾ ਇਕ ਸ਼ਬਦ ਮਨ ਵਿਚ ਧਾਰਣ ਕਰਨ ਨਾਲ ਜੀਵਨ ਬਦਲਦਾ ਹੈ।
ਉਹਨਾਂ ਕਿਹਾ ਕਿ ਜਦੋਂ ਮਨ ਵਿਚ ਧਾਰ ਲਿਆ ਕਿ ਕਿਸੇ ਦੀ ਬੁਰਾਈ ਨਹੀਂ ਕਰਨੀ ਤਾਂ ਸਾਡਾ ਜੀਵਨ ਪ੍ਰਤੀ ਨਜ਼ਰੀਆ ਬਦਲ ਜਾਂਦਾ ਹੈ। ਇਸੇ ਤਰੀਕੇ ਜਦੋਂ ਅਸੀਂ ਮਨ ਵਿਚ ਧਾਰ ਲਿਆ ਕਿ ਅੰਮ੍ਰਿਤ ਵੇਲੇ ਉਠ ਕੇ ਪਾਠ ਕਰਨਾ ਹੈ ਤਾਂ ਸਾਡਾ ਜੀਵਨ ਪ੍ਰਤੀ ਨਜ਼ਰੀਆ ਬਦਲ ਜਾਂਦਾ ਹੈ। ਉਹਨਾਂ ਕਿਹਾ ਕਿ ਇਹ ਗੁਰੂ ਸਾਹਿਬ ਦੀ ਹੀ ਬਖਸ਼ਿਸ ਹੈ ਕਿ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ..ਦੇ ਸਿਧਾਂਤ ਮੁਤਾਬਕ ਸਾਡੇ ਜੀਵਨ ਵਿਚ ਤਬਦੀਲੀ ਹੁੰਦੀ ਹੈ।
ਉਹਨਾਂ ਕਿਹਾ ਕਿ ਦਿੱਲੀ ਵਿਚ ਹਰ ਮਹੀਨੇ 100 ਤੋਂ ਵੱਧ ਕੀਰਤਨ ਦਰਬਾਰ ਹੁੰਦੇ ਹਨ ਅਤੇ ਤਕਰੀਬਨ ਇੰਨੇ ਹੀ ਕਥਾ ਬਾਰੇ ਗੁਰਮਤਿ ਸਮਾਗਮ ਹੁੰਦੇ ਹਨ। ਉਹਨਾਂ ਕਿਹਾ ਕਿ ਜੇਕਰ ਅਸੀਂ ਇਹਨਾਂ ਸਮਾਗਮਾਂ ਵਿਚ ਆਉਂਦੇ ਲੱਖਾਂ ਲੋਕਾਂ ਵਿਚੋਂ ਚੋਣਵਿਆਂ ਨੂੰ ਵੀ ਗੁਰਮਤਿ ਨਾਲ ਜੋੜਨ ਵਿਚ ਸਫਲ ਹੁੰਦੇ ਤਾਂ ਇਹ ਵੱਡੀ ਸਫਲਤਾ ਮੰਨੀ ਜਾ ਸਕਦੀ ਹੈ।
ਉਹਨਾਂ ਕਿਹਾ ਕਿ ਜਵੱਦੀ ਟਕਸਾਲ ਦੇ ਪ੍ਰਬੰਧਕਾਂ ਖਾਸ ਤੌਰ ’ਤੇ ਬਾਬਾ ਅਮੀਰ ਸਿੰਘ ਜੀ ਦਾ ਇਹ ਪ੍ਰੋਗਰਾਮ ਕਰਵਾਉਣ ’ਤੇ ਕੋਟਿ ਕੋਟਿ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਸਰਦਾਰ ਹਰਜੀਤ ਸਿੰਘ ਪੱਪਾ ਅਤੇ ਸਰਦਾਰ ਸਰਬਜੀਤ ਸਿੰਘ ਵਿਰਕ ਵੀ ਸਨ।