(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਭਾਜਪਾ ਦੇ ਕੌਮੀ ਸਕੱਤਰ ਅਤੇ ਰਾਜੌਰੀ ਗਾਰਡਨ ਹਲਕੇ ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੂੰ ਆਖਿਆ ਹੈ ਕਿ ਉਹਨਾਂ ਦੇ ਪਾਰਟੀ ਦੇ ਆਗੂ ਸੱਜਣ ਕੁਮਾਰ ਨੂੰ 1984 ਦੇ ਸਿੱਖ ਕਤਲੇਆਮ ਦੇ ਦੂਜੇ ਕੇਸ ਵਿਚ ਦੋਸ਼ੀ ਠਹਿਰਾਏ ਜਾਣ ਮਗਰੋਂ ਹੁਣ ਰਾਹੁਲ ਗਾਂਧੀ ਨੂੰ ਦੇਸ਼ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ ਤੇ ਸੱਜਣ ਕੁਮਾਰ ਨੂੰ ਪਾਰਟੀ ਵਿਚੋਂ ਕੱਢ ਦੇਣਾ ਚਾਹੀਦਾ ਹੈ।

ਰਾਹੁਲ ਗਾਂਧੀ ਨੂੰ ਲਿਖੇ ਪੱਤਰ ਵਿਚ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸੀਨੀਅਰ ਕਾਂਗਰਸੀ ਆਗੂ ਦੀ 1984 ਦੇ ਸਿੱਖ ਕਤਲੇਆਮ ਵਿਚ ਭੂਮਿਕਾ ਲਈ ਉਸਨੂੰ ਇਕ ਹੋਰ ਕੇਸ ਵਿਚ ਦੋਸ਼ੀ ਠਹਿਰਾਇਆ ਜਾਣਾ ਭਾਰਤ ਦੇ ਇਤਿਹਾਸ ਦਾ ਸਭ ਤੋਂ ਦੁਖਦਾਇਕ ਤੇ ਸ਼ਰਮਨਾਕ ਦੌਰ ਚੇਤੇ ਕਰਵਾਉਂਦਾ ਹੈ। ਉਹਨਾਂ ਕਿਹਾ ਕਿ ਚਾਰ ਦਹਾਕਿਆਂ ਤੋਂ ਪੀੜਤ ਤੇ ਉਹਨਾਂ ਦੇ ਪਰਿਵਾਰ ਮਾਸੂਮ ਸਿੱਖਾਂ ਦੇ ਕਤਲੇਆਮ ਕਰਨ, ਕਰਵਾਉਣ ਤੇ ਉਹਨਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਖਿਲਾਫ ਇਨਸਾਫ ਦੀ ਲੜਾਈ ਲੜਦੇ ਆ ਰਹੇ ਹਨ।

ਉਹਨਾਂ ਕਿਹਾ ਕਿ ਹੁਣ ਜਦੋਂ ਅਦਾਲਤ ਨੇ ਤੀਜੀ ਵਾਰ ਉਸਦੇ ਦੋਸ਼ ਦੀ ਪੁਸ਼ਟੀ ਕਰ ਦਿੱਤੀ ਹੈ ਤਾਂ ਇਹ ਜ਼ਿੰਮੇਵਾਰੀ ਹੁਣ ਰਾਹੁਲ ਗਾਂਧੀ ਦੀ ਬਣਦੀ ਹੈ ਕਿ ਉਹ ਨੈਤਿਕ ਦਲੇਰੀ ਅਤੇ ਸਿਆਸੀ ਜ਼ਿੰਮੇਵਾਰੀ ਵਿਖਾਉਣ। ਉਹਨਾਂ ਕਿਹਾ ਕਿ ਉਹ ਹਾਲ ਹੀ ਵਿਚ ਦੋ ਵਾਰ ਸ੍ਰੀ ਦਰਬਾਰ ਸਾਹਿਬ ਗਏ ਸਨ ਤੇ ਇਸ ਤਰੀਕੇ ਵਿਹਾਰ ਕਰ ਰਹੇ ਸਨ ਜਿਵੇਂ ਉਹ ਸਿੱਖਾਂ ਦੇ ਹਮਦਰਦ ਤੇ ਸਾਥੀ ਹੋਣ ਜਦੋਂ ਕਿ ਉਹਨਾਂ ਦੀਆਂ ਕਾਰਵਾਈਆਂ ਦੱਸਦੀਆਂ ਹਨ ਕਿ ਉਹ ਸਿਰਫ ਸੰਕੇਤਕ ਹਨ। ਉਹਨਾਂ ਕਿਹਾ ਕਿ ਸੱਚਾਈ ਹਮੇਸ਼ਾ ਕੌੜੀ ਰਹੇਗੀ ਕਿ ਸੱਜਣ ਕੁਮਾਰ ਨਾ ਸਿਰਫ ਕਾਂਗਰਸ ਪਾਰਟੀ ਦਾ ਮੈਂਬਰ ਰਿਹਾ ਬਲਕਿ ਤੁਹਾਡੀ ਪਾਰਟੀ ਨੇ ਦਹਾਕਿਆਂ ਤੱਕ ਉਸਦੀ ਰਾਖੀ ਕੀਤੀ, ਉਸਦੀ ਪੁਸ਼ਤ ਪਨਾਹੀ ਕੀਤੀ ਤੇ ਉਸਦਾ ਬਚਾਅ ਕੀਤਾ।

ਉਹਨਾਂ ਕਿਹਾ ਕਿ ਹੁਣ ਵੀ ਜਦੋਂ ਉਸਨੂੰ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ ਤਾਂ ਵੀ ਤੁਹਾਡੀ ਲੀਡਰਸ਼ਿਪ ਵੱਲੋਂ ਇਸਦੀ ਨਿਖੇਧੀ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਜੇਕਰ ਨਿਆਂ ਤੇ ਫਿਰਕੂ ਸਦਭਾਵਨਾ ਲਈ ਤੁਹਾਡੀ ਵਚਨਬੱਧਤਾ ਪੱਕੀ ਹੈ ਅਤੇ ਸਿਰਫ ਸਿਆਸੀ ਵਿਖਾਵਾ ਨਹੀਂ ਹੈ ਤਾਂ ਉਹਨਾਂ ਨੂੰ ਸਿੱਖ ਕੌਮ ਤੇ ਸਮੁੱਚੇ ਦੇਸ਼ ਕੋਲੋਂ ਸੱਜਣ ਕੁਮਾਰ ਵਰਗੇ ਦੋਸ਼ੀ ਦੀ ਪੁਸ਼ਤ ਪਨਾਹੀ ਕਰਨ ਤੇ ਉਸਨੂੰ ਮਜ਼ਬੂਤ ਬਣਾਉਣ ਲਈ ਮੁਆਫੀ ਮੰਗਣੀ ਚਾਹੀਦੀ ਹੈ ਤੇ ਸੱਜਣ ਕੁਮਾਰ ਨੂੰ ਤੁਰੰਤ ਪਾਰਟੀ ਵਿਚੋਂ ਕੱਢਣਾ ਚਾਹੀਦਾ ਹੈ ਅਤੇ ਯਕੀਨੀ ਬਣਾਉਣਾ ਚਾਹੀਦਾ ਹੈ ਕਿ 1984 ਦੇ ਸਿੱਖ ਕਤਲੇਆਮ ਦਾ ਕੋਈ ਵੀ ਦੋਸ਼ੀ ਤੁਹਾਡੀ ਪਾਰਟੀ ਨਾਲ ਨਾ ਜੁੜਿਆ ਹੋਵੇ।

ਉਹਨਾਂ ਇਹ ਵੀ ਕਿਹਾ ਕਿ ਉਹਨਾਂ ਨੂੰ ਸੰਸਦ ਵਿਚ ਇਕ ਮਤਾ ਪੇਸ਼ ਕਰ ਕੇ 1984 ਕਤਲੇਆਮ ਦੇ ਕੇਸਾਂ ਦੀ ਨਵੇਂ ਸਿਰੇ ਤੋਂ ਜਾਂਚ ਕਰਨ ਤੇ ਨਿਆਂ ਯਕੀਨੀ ਬਣਾਉਣ ਲਈ ਐਸ ਆਈ ਟੀ ਦਾ ਗਠਨ ਕਰਨ ਲਈ ਮੋਦੀ ਸਰਕਾਰ ਦਾ ਧੰਨਵਾਦ ਕਰਨਾ ਚਾਹੀਦਾ ਹੈ। ਉਹਨਾਂ ਨੇ ਰਾਹੁਲ ਗਾਂਧੀ ਨੂੰ ਪੁੱਛਿਆ ਕਿ ਕੀ ਉਹ ਸਿਆਸੀ ਫਾਇਦੇ ਨਾਲੋਂ ਨਿਆਂ ਦੀ ਚੋਣ ਕਰਨਗੇ ਜਾਂ ਫਿਰ ਕਾਂਗਰਸ ਪਾਰਟੀ ਵੱਲੋਂ ਦਹਾਕਿਆਂ ਤੋਂ ਅਪਣਾਈ ਜਾ ਰਹੀ ਆਪਣੀ ਭੂਮਿਕਾ ਦਾ ਖੰਡਨ ਕਰਨ ਦੀ ਨੀਤੀ ਅਪਣਾਉਂਦੇ ਰਹਿਣਗੇ ?

ਉਹਨਾਂ ਕਿਹਾ ਕਿ ਸਿਰਫ ਸ਼ਬਦ ਕਾਫੀ ਨਹੀਂ ਬਲਕਿ ਫੈਸਲਾਕੁੰਨ ਕਾਰਵਾਈ ਵੀ ਇਹ ਸਾਬਤ ਕਰੇਗੀ ਕਿ ਤੁਸੀਂ ਜੋ ਕਹਿੰਦੇ ਹੋ, ਉਹ ਕਰਦੇ ਹੋ ਜਾਂ ਨਹੀਂ। ਉਹਨਾਂ ਕਿਹਾ ਕਿ ਉਹਨਾਂ ਨੇ ਬਹੁਤ ਹੀ ਸੰਜੀਦਗੀ ਨਾਲ ਤੇ ਇਸ ਆਸ ਵਿਚ ਇਹ ਪੱਤਰ ਲਿਖਿਆ ਹੈ ਕਿ ਰਾਹੁਲ ਗਾਂਧੀ ਆਪਣੇ ਸ਼ਬਦਾਂ ’ਤੇ ਖਰ੍ਹੇ ਉਤਰਣਗੇ ਤੇ ਤੁਰੰਤ ਕਾਰਵਾਈ ਕਰਨਗੇ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version