ਦਿੱਲੀ ਕਮੇਟੀ ਮੈਂਬਰਾਂ ਵਿਰੁੱਧ ਰਣਨੀਤੀ ਬਣਾ ਕੇ ਪੰਥ ਦਾ ਸਰਮਾਇਆ ਕੁਰਕ ਹੋਣ ਤੋਂ ਬਚਾਉਣ ਲਈ ਪੰਥ ਅਗੇ ਆਏ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਦਿੱਲੀ ਕਮੇਟੀ ਵਲੋਂ ਬੀਤੇ ਦਿਨ ਹਾਈ ਕੋਰਟ ਅੰਦਰ ਲੋਨੀ ਰੋਡ ਸਕੂਲ ਅਤੇ ਫ਼ਤਿਹਾਬਾਦ ਦੀ ਕਮੇਟੀ ਅਧੀਨ ਜਾਇਦਾਦ ਕੁਰਕ ਕਰਕੇ ਸਟਾਫ ਦਾ ਪਿਛਲਾ ਬਕਾਇਆ ਦੇਣ ਲਈ ਅਦਾਲਤ ਵਿਚ ਲਗਾਈ ਗਈ ਅਪੀਲ ਤੇ ਨੌਟਿਸ ਲੈਣ ਲਈ ਤਿਆਰ ਹੋ ਗਈ ਹੈ ਤੇ ਹੁਣ ਗੁਰੂਘਰ ਦੀ ਜਾਇਦਾਦਾਂ ਦੀ ਕੁਰਕੀ ਹੋਵੇਗੀ। ਇਹ ਬਹੁਤ ਹੀ ਦੁਖਦਾਈ ਅਤੇ ਮੌਜੂਦਾ ਪ੍ਰਬੰਧਕਾਂ ਵਲੋਂ ਸਿੱਖ ਇਤਿਹਾਸ ਵਿਚ ਆਪਣਾ ਨਾਮ ਕਾਲੇ ਅੱਖਰਾਂ ਵਿਚ ਲਿਖਵਾਣ ਦਾ ਕੀਤਾ ਗਿਆ ਕਾਰਾ ਹੈ।

ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਧਰਮ ਪ੍ਰਚਾਰ ਦੇ ਸਾਬਕਾ ਮੁੱਖ ਸੇਵਾਦਾਰ, ਗੁਰਬਾਣੀ ਰਿਸਰਚ ਫਾਉਂਡੇਸ਼ਨ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੇਵਾ ਸੋਸਾਇਟੀ ਦੇ ਚੇਅਰਮੈਨ ਪੰਥਕ ਆਗੂ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਦਿੱਲੀ ਕਮੇਟੀ ਅਧੀਨ ਚਲ ਰਹੇ ਸਕੂਲਾਂ ਦੀਆਂ ਫੀਸਾਂ ਅਤੇ ਏਰੀਅਰ ਦਾ ਅਦਾਲਤ ਅੰਦਰ ਚਲ ਰਹੇ ਮਾਮਲੇ ਵਿਚ ਦਿੱਲੀ ਕਮੇਟੀ ਵਲੋਂ ਪੇਸ਼ ਹੋਏ ਵਕੀਲ ਨੇ ਅਦਾਲਤ ਨੂੰ ਲੋਨੀ ਰੋਡ ਅਤੇ ਫਤਿਹਾਬਾਦ ਦੀਆਂ ਪ੍ਰਾਪਰਟੀਆਂ ਦੀ ਕੁਰਕੀ ਦਾ ਨੌਟਿਸ ਜਾਰੀ ਕਰਣ ਲਈ ਕਿਹਾ ਹੈ।

ਸਿੱਖ ਪੰਥ ਦੇ ਇਤਿਹਾਸ ਵਿਚ ਮੌਜੂਦਾ ਪ੍ਰਬੰਧਕਾ ਦੀਆਂ ਨਾਕਾਮੀਆਂ ਕਰਕੇ ਗੁਰੂਘਰ ਦੀ ਜਾਇਦਾਦ ਖਤਰੇ ਵਿਚ ਆ ਗਈ ਹੈ ਤੇ ਉਨ੍ਹਾਂ ਨੂੰ ਕੌਈ ਹਕ਼ ਨਹੀਂ ਹੈ ਕਿ ਓਹ ਆਪਣੀਆਂ ਗਲਤੀਆਂ ਕਰਕੇ ਪੰਥ ਦਾ ਸਰਮਾਇਆ ਵੇਚਣ । ਜਦੋ ਉਨ੍ਹਾਂ ਕੋਲੋਂ ਪ੍ਰਬੰਧ ਸੰਭਾਲਿਆ ਨਹੀਂ ਜਾ ਰਿਹਾ ਤਦ ਉਨ੍ਹਾਂ ਨੂੰ ਕਮੇਟੀ ਪ੍ਰਬੰਧ ਪੰਥ ਹਵਾਲੇ ਕਰ ਦੇਣਾ ਚਾਹੀਦਾ ਹੈ।

ਹੁਣ ਉਨ੍ਹਾਂ ਦੀਆਂ ਗਲਤੀਆਂ ਨਾਲ ਪੰਥ ਦਾ ਸਰਮਾਇਆ ਕੁਰਕ ਹੋਣ ਜਾ ਰਿਹਾ ਹੈ ਜਦਕਿ ਉਨ੍ਹਾਂ ਨੂੰ ਪਹਿਲਾਂ ਆਪਣੀਆਂ ਜਾਇਦਾਦਾ ਵੇਚਣ ਦਾ ਉਪਰਾਲਾ ਕਰਨਾ ਚਾਹੀਦਾ ਹੈ । ਸਾਡੀ ਪੰਥ ਦੀਆਂ ਸਮੂਹ ਧਾਰਮਿਕ, ਰਾਜਸੀ ਜਥੇਬੰਦੀਆਂ, ਕਮੇਟੀਆਂ ਨੂੰ ਅਪੀਲ ਹੈ ਕਿ ਇਸ ਅਤਿ ਗੰਭੀਰ ਮਸਲੇ ਲਈ ਇਕੱਠੇ ਹੋਕੇ ਕਮੇਟੀ ਮੈਂਬਰਾਂ ਵਿਰੁੱਧ ਰਣਨੀਤੀ ਬਣਾ ਕੇ ਪੰਥ ਦਾ ਸਰਮਾਇਆ ਕੁਰਕ ਹੋਣ ਤੋਂ ਬਚਾਇਆ ਜਾਏ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version