(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਪੰਜਾਬ ਸਰਕਾਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਦੇ ਨਾਅਰੇ ਲਗਾ ਕੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ, ਜਦਕਿ ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਸਰਗਰਮ ਮੈਂਬਰ ਭਾਈ ਸ਼ਮਸ਼ੇਰ ਸਿੰਘ ਪੱਧਰੀ ਅਤੇ ਭਾਈ ਭੁਪਿੰਦਰ ਸਿੰਘ ਗੱਦਲੀ ਨੇ ਨਸ਼ੇ ਨਾਲ ਜਾਨ ਗਵਾ ਗਏ ਅੰਮ੍ਰਿਤਸਰ ਦੇ ਪਿੰਡ ਖਾਪੜਖੇੜੀ ਤੋਂ 24 ਘੰਟਿਆਂ ਦੇ ਦੌਰਾਨ ਨਸ਼ੇ ਨਾਲ ਜਾਨ ਗਵਾ ਗਏ ਦੋ ਨੌਜਵਾਨਾਂ ਦੇ ਅੰਤਿਮ ਸੰਸਕਾਰ ਤੋਂ ਪਰਤਣ ਉਪਰੰਤ ਇਕ ਪ੍ਰੈਸ ਨੋਟ ਰਾਹੀਂ ਕੀਤਾ। ਇਸ ਵਕਤ ਉਹਨਾਂ ਦੇ ਨਾਲ ਭਾਈ ਕੁਲਵਿੰਦਰ ਸਿੰਘ ਵਡਾਲੀ, ਭਾਈ ਗੁਰਜੰਟ ਸਿੰਘ ਕੋਟ ਖਾਲਾ, ਭਾਈ ਗਗਨਦੀਪ ਸਿੰਘ ਜੇਠੂਆਲ ਅਤੇ ਭਾਈ ਸੁਖਬੀਰ ਸਿੰਘ ਚੀਮਾਂ ਵੀ ਮੌਜੂਦ ਸਨ।
ਉਹਨਾਂ ਕਿਹਾ ਕਿ ਇਹ ਕਿ ਇਹਪੰਜਾਬ ਸਰਕਾਰ ਦੇ ਲਈ ਨਮੋਸ਼ੀ ਵਾਲੀ ਗੱਲ ਹੈ ਕਿ ਅੰਮ੍ਰਿਤਸਰ ਦੇ ਪਿੰਡ ਖਾਪੜਖੇੜੀ ਵਿੱਚ 24 ਘੰਟਿਆਂ ਦੇ ਅੰਦਰ ਦੋ ਨੌਜਵਾਨ ਨਸ਼ੇ ਦੀ ਲਪੇਟ ‘ਚ ਆ ਕੇ ਮੌਤ ਦਾ ਸ਼ਿਕਾਰ ਹੋ ਗਏ, ਜਿਸ ਨਾਲ ਪਿੰਡ ‘ਚ ਸੋਗ ਦੀ ਲਹਿਰ ਫੈਲੀ ਹੋਈ ਹੈ ਅਤੇ ਪਿੰਡ ਵਾਸੀ ਜਿੱਥੇ ਦੋਨੋਂ ਨੌਜਵਾਨਾਂ ਦੇ ਨਸ਼ੇ ਨਾਲ ਮਰ ਜਾਣ ਦਾ ਅਫਸੋਸ ਕਰ ਰਹੇ ਹਨ ਉੱਥੇ ਨਾਲ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਵੀ ਲਾਹਨਤਾਂ ਪਾ ਰਹੇ ਹਨ। ਭਾਈ ਭੁਪਿੰਦਰ ਸਿੰਘ ਗੱਦਲੀ, ਭਾਈ ਸ਼ਮਸ਼ੇਰ ਸਿੰਘ ਪੱਧਰੀ ਅਤੇ ਉਹਨਾਂ ਦੇ ਸਾਥੀਆਂ ਨੇ ਮਰਨ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਿਲ ਕੇ ਦੁੱਖ ਸਾਂਝਾ ਕੀਤਾ ਅਤੇ ਪੰਜਾਬ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਨਾਕਾਮ ਨੀਤੀ ਦੀ ਖੁੱਲ੍ਹੀ ਨਿੰਦਾ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦੇ ਪਿੰਡ ਪਿੰਡ ਵਿੱਚ ਨਸ਼ੇ ਦੇ ਦਰਿਆ ਵਗ ਰਹੇ ਹਨ ਜਦੋਂ ਨਸ਼ੇ ਦੇ ਵੱਡੇ ਤਸਕਰ ਖੁਲੇਆਮ ਘੁੰਮ ਰਹੇ ਹਨ। ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਨੇ ਜੇ ਨਸ਼ਿਆਂ ‘ਤੇ ਕੰਟਰੋਲ ਕਰਨ ਦੀ ਬਜਾਏ ਸੁਚੱਜੇ ਤੇ ਪੁਖਤਾ ਪ੍ਰਬੰਧ ਨਾਂ ਕੀਤੇ ਤਾਂ ਅਸੀਂ ਜ਼ਮੀਨੀ ਪੱਧਰ ‘ਤੇ ਸਰਕਾਰ ਦੀਆ ਨਾਕਾਮੀਆਂ ਦਾ ਭਾਂਡਾ ਸ਼ਰੇਬਜ਼ਾਰ ਭੰਨਾਂਗੇ।
ਉਹਨਾਂ ਕਿਹਾ ਕਿ ਇਹ ਨੌਜਵਾਨਾਂ ਦੀ ਲੁੱਟ ਰਹੀ ਜ਼ਿੰਦਗੀ ਦਾ ਮੁੱਦਾ ਹੈ, ਨਾ ਕਿ ਲੋਕਾਂ ਦੇ ਘਰ ਢਹਿ ਢੇਰੀ ਕਰਕੇ ਸਲੋਗਨਬਾਜੀ ਕਰਨ ਦਾ। ਉਹਨਾਂ ਪੰਜਾਬ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੇ ਮਿਲਕੇ ਆਪਣੀਆਂ ਭੂਮਿਕਾਵਾਂ ਨਿਭਾਉਂਦੇ ਹੋਏ, ਨਸ਼ਾ ਮਾਫੀਆ ਅਤੇ ਇਸਨੂੰ ਸਿਆਸੀ ਸਾਥ ਦਿੰਦੇ ਲੀਡਰਾਂ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰੋ।