ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਨਾ ਤਾਂ ਵਾਪਸ ਹੁੰਦੇ ਹਨ ਨਾਂ ਸੋਧ ਹੁੰਦੀ ਹੈ ਤੇ ਨਾਂ ਹੀ ਦਿੱਤੀ ਜਾਂਦੀ ਹੈ ਮੋਹਲਤ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਿਯੁਕਤ ਕੀਤੇ ਗਏ ਜਥੇਦਾਰ ਸਾਹਿਬਾਨ ਵੱਲੋਂ ਅਕਾਲ ਤਖ਼ਤ ਸਾਹਿਬ ਤੋਂ ਜਦੋਂ ਦੋ ਦਿਸੰਬਰ ਨੂੰ ਇਕ ਕਮੇਟੀ ਦਾ ਗਠਨ ਕਰਦੇ ਹੋਏ ਰਵਾਇਤੀ ਅਕਾਲੀਆਂ ਨੂੰ ਆਪੋ-ਆਪਣੇ ਧੜੇ ਭੰਗ ਕਰਨ ਦਾ ਹੁਕਮ ਸੁਣਾਇਆ ਸੀ ਤਾਂ ਦੂਸਰੇ ਧੜੇਆਂ ਵਾਂਗ ਹੀ ਸੁਖਬੀਰ ਬਾਦਲ ਵਾਲਾ ਧੜਾ ਵੀ ਭੰਗ ਹੋ ਸਕਦਾ ਸੀ ਅਤੇ ਅਗਲੇਰੀ ਕਾਰਵਾਈ ਸਿਰਫ ਉਸ ਕਮੇਟੀ ਰਾਹੀਂ ਹੀ ਹੋਣੀ ਚਾਹੀਦੀ ਹੈ। ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਵਲੋਂ ਆਪਣੇ ਤੌਰ ਤੇ ਉਸ ਧੜੇ ਨੂੰ ਮੋਹਲਤ ਦੇਣੀ ਪ੍ਰੰਪਰਾਵਾਂ ਅਨੁਸਾਰ ਨਹੀਂ ਹੈ।
ਹਾਲਾਕਿ ਜਾਰੀ ਹੋਏ ਹੁਕਮਾ ਤੋਂ ਕੌਮ ਦੀ ਬਹੁਗਿਣਤੀ ਸੰਤੁਸ਼ਟ ਨਹੀਂ ਫਿਰ ਵੀ ਦਹਾਕਿਆਂ ਦੀ ਮਾਯੂਸੀ ਤੋਂ ਬਾਅਦ ਥੋੜੀ ਬਹੁਤ ਜੋ ਉਮੀਦ ਦੀ ਕਿਰਨ ਨਜ਼ਰ ਆਈ ਸੀ ਇਹੋ ਜਿਹੀਆਂ ਕਾਰਵਾਈਆਂ ਨਾਲ ਉਹ ਵੀ ਗਾਇਬ ਹੋ ਜਾਵੇਗੀ। ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਨਾ ਤਾਂ ਵਾਪਸ ਹੁੰਦੇ ਹਨ ਨਾਂ ਸੋਧ ਹੁੰਦੀ ਹੈ ਤੇ ਨਾਂ ਇੰਝ ਮੋਹਲਤ ਦਿੱਤੀ ਜਾਂਦੀ ਹੈ। ਸਿਰਤੋੜ ਯਤਨਾਂ ਦੇ ਬਾਵਜੂਦ ਨਕਲੀ ਨਿਰੰਕਾਰੀਆਂ ਅਤੇ ਆਰਐਸਐਸ ਖਿਲਾਫ ਜਾਰੀ ਹੋਏ ਹੁਕਮਨਾਮਿਆਂ ਵਿੱਚ ਨਾ ਸੋਧ ਕੀਤੀ ਗਈ ਨਾਂ ਹੀ ਵਾਪਸ ਹੋਏ।
ਗਿਆਨੀ ਗੁਰਬਚਨ ਸਿੰਘ ਵੱਲੋਂ ਜਾਰੀ ਹੁਕਮਨਾਮਾ ਅਤੇ ਵਾਪਸੀ ਬਾਰੇ ਜੋ ਕਾਰਵਾਈ ਦੋ ਦਿਸੰਬਰ ਨੂੰ ਹੋਈ ਉਸ ਦੇ ਬਾਵਜੂਦ ਕੁੱਝ ਦਿਨ ਬਾਅਦ ਹੀ ਜੱਥੇਦਾਰ ਸਾਹਿਬ ਵਲੋਂ ਆਪਣੇ ਹੀ ਹੁਕਮਨਾਮੇ ਬਾਰੇ ਅਕਾਲੀ ਦਲ ਨੂੰ ਹੋਰ ਮੋਹਲਤ ਦੇ ਕੇ ਕੌਮ ਨੂੰ ਕੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ? ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ ਇਕਾਈ ਦੇ ਮੁੱਖ ਸੇਵਾਦਾਰ ਸਰਬਜੀਤ ਸਿੰਘ, ਸੀਨੀਅਰ ਵਾਈਸ ਪ੍ਰਧਾਨ ਮਨਜੀਤ ਸਿੰਘ ਸਮਰਾ ਜਨਰਲ ਸਕੱਤਰ ਸਤਿੰਦਰ ਸਿੰਘ ਮੰਗੂਵਾਲ ਨੇ ਕਿਹਾ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਜੋ ਮੰਗ ਪੱਤਰ ਭਾਈ ਨਰਾਇਣ ਸਿੰਘ ਚੌੜਾ ਦੇ ਸਬੰਧ ਵਿੱਚ ਦਿੱਤਾ ਹੈ ਇਸੇ ਕਮੇਟੀ ਵੱਲੋਂ ਨਿਯੁਕਤ ਜਥੇਦਾਰਾਂ ਨੂੰ ਬੇਨਤੀ ਹੈ ਕੇ ਉਸਨੂੰ ਰੱਦ ਕੀਤਾ ਜਾਵੇ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮਾਤਰੀ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ, ਪਾਰਟੀ ਦੇ ਹੋਰ ਆਗੂਆਂ ਅਤੇ ਮੈਂਬਰਾਂ ਉੱਪਰ ਕੱਥੂਨੰਗਲ ਅਤੇ ਹਰ ਸਾਲ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜਿਸ ਪ੍ਰਕਾਰ ਹਮਲੇ ਹੁੰਦੇ ਹਨ ਕੀ ਬੀਤੇ ਤਕਰੀਬਨ ਚਾਰ ਦਹਾਕਿਆਂ ਤੋਂ ਸ਼੍ਰੋਮਣੀ ਕਮੇਟੀ ਦੇ ਬਣਦੇ ਆ ਰਹੇ ਪ੍ਰਧਾਨਾ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੈਨੇਜਰਾਂ ਉੱਪਰ ਇਹ ਕਾਰਵਾਈ ਹੋਵੇਗੀ ? ਜਥੇਦਾਰ ਸਾਹਿਬਾਨ ਨੂੰ ਅਪੀਲ ਹੈ ਕੇ ਆਪ ਜੀ ਦੀ ਨਿਯੁਕਤੀ ਬੇਸ਼ੱਕ ਸ਼੍ਰੋਮਣੀ ਕਮੇਟੀ ਵੱਲੋਂ ਹੋਈ ਹੈ ਪਰ ਬੀਤੇ ਲੰਬੇ ਸਮੇਂ ਤੋਂ ਬਾਦਲ ਪਰਿਵਾਰ ਦੇ ਪ੍ਰਭਾਵ ਅਧੀਨ ਵਿਚਰਨ ਦੀ ਰਵਾਇਤ ਤੋੜ ਕੇ ਕੌਮੀ ਰਵਾਇਤਾਂ ਉੱਪਰ ਪਹਿਰਾ ਦਿਉ ਜੀ। ਯਾਦ ਰਹੇ, ਸਭ ਨੂੰ ਆਪੋ-ਆਪਣੀ ਵਾਰੀ ਅਨੁਸਾਰ ਅਕਾਲ ਪੁਰਖ ਦੀ ਦਰਬਾਰ ਵਿੱਚ ਲੇਖਾ ਦੇਣਾ ਹੀ ਪੈਣਾ ਹੈ।