(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਯੂਥ ਅਕਾਲੀ ਦਲ ਦੇ ਨੈਸ਼ਨਲ ਕੋਰ ਕਮੇਟੀ ਮੈਂਬਰ ਜਸਜੀਤ ਸਿੰਘ (ਪੀਤਮ ਪੁਰਾ) ਨੇ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਪ੍ਰਧਾਨ ਉੱਤੇ ਕੀਤੇ ਜਾ ਰਹੇ ਸਵਾਲਾਂ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ, ਸ਼੍ਰੋਮਣੀ ਅਕਾਲੀ ਦਲ ਸਿਰਫ਼ ਇਕ ਰਾਜਨੀਤਿਕ ਧਾਰਾ ਨਹੀਂ, ਇਹ ਸਿੱਖ ਕੌਮ ਦੀ ਲਹੂ ਨਾਲ ਲਿਖੀ ਇਤਿਹਾਸਕ ਵਿਰਾਸਤ ਹੈ। ਇਹ ਉਹ ਜਥੇਬੰਦੀ ਹੈ ਜਿਸਨੇ ਗੋਲੀ ਖਾਦੀ ਪਰ ਗੱਲ ਨਹੀਂ ਮੋੜੀ, ਜੇਲ੍ਹਾਂ ਕਟੀਆਂ ਪਰ ਸਿਰ ਨਹੀਂ ਝੁਕਾਇਆ।
ਉਨ੍ਹਾਂ ਆਖਿਆ ਕਿ ਅਜਿਹੀ ਪਵਿੱਤਰ ਜਥੇਬੰਦੀ ਉੱਤੇ ਉਂਗਲ ਚੁੱਕਣ ਵਾਲਿਆਂ ਨੂੰ ਪਹਿਲਾਂ ਆਪਣੀ ਪੀੜ੍ਹੀ ਦੇ ਕਰਤੱਬ ਵੇਖਣੇ ਚਾਹੀਦੇ ਹਨ। ਅਜਿਹੇ ਲੋਕ ਜਿਨ੍ਹਾਂ ਦਾ ਸਿਆਸੀ ਵਜੂਦ ਕੇਵਲ ਸੋਸ਼ਲ ਮੀਡੀਆ ਤੱਕ ਸੀਮਿਤ ਹੈ, ਜੋ ਕਦੇ ਕਿਸੇ ਮੋਰਚੇ ਜਾਂ ਇਨਕਲਾਬੀ ਅੰਦੋਲਨ ਦਾ ਹਿੱਸਾ ਨਹੀਂ ਬਣੇ, ਅੱਜ ਅਕਾਲੀ ਦਲ ਅਤੇ ਇਸ ਦੇ ਪ੍ਰਧਾਨ ਉੱਤੇ ਸੁਆਲ ਚੁੱਕ ਰਹੇ ਹਨ। ਜਸਜੀਤ ਸਿੰਘ ਨੇ ਸਾਫ਼ ਕੀਤਾ ਕਿ ਅਕਾਲੀ ਦਲ ਦੇ ਵਰਤਮਾਨ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਿਰਫ਼ ਵਿਰਾਸਤ ਨੂੰ ਹੀ ਨਹੀਂ ਨਿਭਾਇਆ, ਬਲਕਿ ਵਿਗੜੇ ਸਮੇਂ ਵਿੱਚ ਪਾਰਟੀ ਨੂੰ ਨਵੀਂ ਦਿਸ਼ਾ ਵੀ ਦਿੱਤੀ ਹੈ। ਉਹ ਆਲੋਚਨਾ ਦੇ ਵਿਰੋਧੀ ਨਹੀਂ, ਪਰ ਵਿਅਕਤੀਗਤ ਭੜਾਸ, ਨਿੰਦਾ ਜਾਂ ਹਿੜਕ ਦੇ ਰੂਪ ਵਿੱਚ ਕੀਤੀ ਗਈ ਆਲੋਚਨਾ ਕਦੇ ਵੀ ਸਵੀਕਾਰਯੋਗ ਨਹੀਂ।
ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਾਡੀ ਚੁੱਪੀ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ। ਜੇ ਅਕਾਲੀ ਵਰਕਰ ਜਵਾਬ ‘ਚ ਉਤਰੇ, ਤਾਂ ਮਿੱਟੀ ‘ਚੋਂ ਵੀ ਇਤਿਹਾਸ ਉੱਗਦਾ ਹੈ। ਅੰਤ ਵਿੱਚ ਉਨ੍ਹਾਂ ਆਖਿਆ ਕਿ ਅਕਾਲੀ ਦਲ ਰਾਜਨੀਤੀ ਨਹੀਂ, ਜ਼ਿੰਮੇਵਾਰੀ, ਕੁਰਬਾਨੀ ਅਤੇ ਕੌਮ ਦੀ ਆਵਾਜ਼ ਹੈ। ਜੇਕਰ ਕਿਸੇ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ, ਤਾਂ ਇਹ ਉਨ੍ਹਾਂ ਦੀ ਸੰਕੁਚਿਤ ਸੋਚ ਦੀ ਨੀਚਤਾ ਹੈ, ਨਾ ਕਿ ਸਾਡੇ ਅਸੂਲਾਂ ਦੀ ਕਮਜ਼ੋਰੀ।