(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
“ਜਦੋਂ ਇੰਡੀਆਂ ਦੇ ਵਜੀਰ ਏ ਆਜਮ ਸ੍ਰੀ ਮੋਦੀ ਅਮਰੀਕਾ ਦੌਰੇ ਤੇ ਗਏ ਸਨ ਤਾਂ ਅਮਰੀਕਨ ਸਿੱਖਾਂ ਨੇ ਜੋ ਬਹੁਤ ਹੀ ਮਜਬੂਤੀ ਅਤੇ ਬਾਦਲੀਲ ਢੰਗ ਨਾਲ ਸਿੱਖ ਕੌਮ ਦੇ ਪੱਖ ਨੂੰ ਉਭਾਰਦੇ ਹੋਏ ਸ੍ਰੀ ਮੋਦੀ ਦੀ ਅਮਰੀਕਨ ਆਮਦ ਤੇ ਜੋਰਦਾਰ ਰੋਸ ਵਿਖਾਵੇ ਕੀਤੇ ਹਨ, ਇਹ ਉਦਮ ਉਨ੍ਹਾਂ ਦੀ ਕੌਮ ਅਤੇ ਪੰਜਾਬ ਸੂਬੇ ਪ੍ਰਸਤੀ ਵਾਲਾ ਸਲਾਘਾਯੋਗ ਉਦਮ ਹੈ। ਕਿਉਂਕਿ ਸ੍ਰੀ ਮੋਦੀ ਤੇ ਉਨ੍ਹਾਂ ਦੀ ਬੀਜੇਪੀ-ਆਰ.ਐਸ.ਐਸ ਦੀ ਸਰਕਾਰ ਆਪਣੇ ਮੀਡੀਏ ਤੇ ਪ੍ਰਚਾਰ ਸਾਧਨਾਂ ਉਤੇ ਪੰਜਾਬ ਸੂਬੇ ਅਤੇ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਦੇ ਕੌਮਾਂਤਰੀ ਪੱਧਰ ਤੇ ਬਣੇ ਸਤਿਕਾਰ ਤੇ ਛਬੀ ਨੂੰ ਠੇਸ ਪਹੁੰਚਾਉਣ ਹਿੱਤ ਗੈਰ ਦਲੀਲ ਢੰਗ ਨਾਲ ਨਿਰੰਤਰ ਗੁੰਮਰਾਹਕੁੰਨ ਪ੍ਰਚਾਰ ਕਰਦੀ ਆ ਰਹੀ ਹੈ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਅਤੇ ਨਿਸ਼ਾਨਾਂ ਬਣਾਕੇ ਗੈਰ ਕਾਨੂੰਨੀ ਤੇ ਅਣਮਨੁੱਖੀ ਢੰਗ ਨਾਲ ਸਿੱਖਾਂ ਦੇ ਕਤਲ ਕਰਨ ਦੇ ਅਮਲ ਕਰਦੀ ਆ ਰਹੀ ਹੈ।
ਸਿੱਖ ਕੌਮ ਦੀ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਅਧੀਨ ਚੱਲ ਰਹੀ ਆਜਾਦੀ ਦੀ ਲੜਾਈ ਵਿਚ ਯੋਗਦਾਨ ਪਾਉਣ ਵਾਲੀ ਬਾਹਰਲੇ ਮੁਲਕਾਂ ਵਿਚ ਅਤੇ ਇੰਡੀਆ ਵਿਚ ਵੱਸਣ ਵਾਲੀ ਸਿੱਖ ਨੌਜਵਾਨੀ ਨੂੰ ਨਿਸ਼ਾਨਾਂ ਬਣਾਕੇ ਕੇਵਲ ਉਨ੍ਹਾਂ ਦੇ ਕਤਲੇਆਮ ਹੀ ਨਹੀ ਕਰਦੀ ਆ ਰਹੀ ਬਲਕਿ ਅਮਰੀਕਾ, ਕੈਨੇਡਾ, ਪਾਕਿਸਤਾਨ ਤੇ ਬਰਤਾਨੀਆ ਵਰਗੇ ਮੁਲਕਾਂ ਦੀ ਪ੍ਰਭੂਸਤਾ ਨੂੰ ਵੀ ਚੁਣੋਤੀ ਦੇਣ ਦੇ ਦੁੱਖਦਾਇਕ ਅਮਲ ਕਰਦੀ ਆ ਰਹੀ ਹੈ । ਅਜਿਹੇ ਕੀਤੇ ਜਾਣ ਵਾਲੇ ਸਿੱਖਾਂ ਦੇ ਕਤਲਾਂ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਦੇ ਕਤਲ ਕਰਵਾਏ ਗਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਰਚੀ ਗਈ।
” ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਜਬੂਤੀ ਅਤੇ ਬਾਦਲੀਲ ਢੰਗ ਨਾਲ ਅਮਰੀਕਨ ਸਿੱਖਾਂ ਵੱਲੋ ਸ੍ਰੀ ਮੋਦੀ ਦੇ ਅਮਰੀਕਾ ਪਹੁੰਚਣ ਤੇ ਕੀਤੇ ਗਏ ਜ਼ਬਰਦਸਤ ਰੋਸ ਵਿਖਾਵਿਆ ਦੀ ਕੌਮ ਪੱਖੀ ਪੂਰਨ ਕੀਤੀ ਗਈ ਜਿੰਮੇਵਾਰੀ ਅਤੇ ਦੁਨੀਆ ਸਾਹਮਣੇ ਸੱਚ ਨੂੰ ਉਜਾਗਰ ਕਰਨ ਦੇ ਕੀਤੇ ਗਏ ਫਰਜਾਂ ਦੀ ਪੂਰਤੀ ਲਈ ਜੋਰਦਾਰ ਸਵਾਗਤ ਕਰਦੇ ਹੋਏ ਅਤੇ ਇੰਡੀਅਨ ਹੁਕਮਰਾਨਾਂ ਵੱਲੋ ਸਿੱਖ ਕੌਮ ਉਤੇ ਕੀਤੇ ਜਾ ਰਹੇ ਗੈਰ ਕਾਨੂੰਨੀ ਜ਼ਬਰ ਜੁਲਮ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਜੋ ਆਪਣੇ ਧਾਰਮਿਕ ਅਕੀਦੇ ਤੇ ਪਹਿਰਾ ਦਿੰਦੀ ਹੋਈ ਆਪਣੇ ਜਨਮ ਤੋ ਹੀ ਸਰਬੱਤ ਦੇ ਭਲੇ ਦੇ ਮਿਸਨ ਨੂੰ ਅੱਗੇ ਵਧਾਉਦੀ ਆ ਰਹੀ ਹੈ, ਕੇਵਲ ਇੰਡੀਆ ਜਾਂ ਪੰਜਾਬ ਵਿਚ ਹੀ ਨਹੀ ਬਲਕਿ ਸਮੁੱਚੇ ਸੰਸਾਰ ਵਿਚ ਅਮਨ ਚੈਨ ਅਤੇ ਜਮਹੂਰੀਅਤ ਨੂੰ ਕਾਇਮ ਰੱਖਣ ਦੀ ਜੋਰਦਾਰ ਹਾਮੀ ਹੈ, ਉਸ ਉਤੇ ਇੰਡੀਅਨ ਹੁਕਮਰਾਨਾਂ ਵੱਲੋ ਸਾਜਸੀ ਢੰਗਾਂ ਰਾਹੀ ਕੀਤੇ ਜਾ ਰਹੇ ਗੈਰ ਇਨਸਾਨੀਅਤ ਹਮਲਿਆ ਦੀ ਬਦੌਲਤ ਅਤੇ ਪੰਜਾਬ ਸੂਬੇ ਤੇ ਉਥੋ ਦੇ ਨਿਵਾਸੀਆ ਨਾਲ ਹਰ ਖੇਤਰ ਵਿਚ ਕੀਤੇ ਜਾ ਰਹੇ ਵਿਤਕਰਿਆ ਵਿਰੁੱਧ ਮਜਬੂਤ ਆਵਾਜ ਬੁਲੰਦ ਹੁੰਦੇ ਹੋਏ ਸਮੁੱਚੀ ਸਿੱਖ ਕੌਮ ਆਜਾਦੀ ਦੀ ਜੱਦੋ ਜਹਿਦ ਲੜ ਰਹੀ ਹੈ ਜੋ ਕਿ ਯੂ.ਐਨ ਤੇ ਕੌਮਾਂਤਰੀ ਕਾਨੂੰਨਾਂ ਦੇ ਅਨੁਸਾਰ ਹੈ।
ਲੇਕਿਨ ਇਹ ਕੱਟੜਵਾਦੀ ਬੀਜੇਪੀ ਆਰ. ਐਸ.ਐਸ ਦੇ ਹੁਕਮਰਾਨ ਮਨੁੱਖਤਾ ਦੀ ਪੈਰੋਕਾਰੀ ਕਰਨ ਵਾਲੀ ਸਿੱਖ ਕੌਮ ਉਤੇ ਸਾਜਸੀ ਢੰਗਾਂ ਰਾਹੀ ਹਮਲੇ ਕਰਕੇ ਅਤੇ ਉਨ੍ਹਾਂ ਵਿਰੁੱਧ ਗੁੰਮਰਾਹਕੁੰਨ ਪ੍ਰਚਾਰ ਕਰਕੇ ਨਫਰਤ ਪੈਦਾ ਕਰਨ ਦੀ ਨੀਤੀ ਤੇ ਅਮਲ ਕਰਦੀ ਆ ਰਹੀ ਹੈ । ਪਰ ਅਮਰੀਕਾ ਤੇ ਹੋਰ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਸੂਝਵਾਨ ਸਿੱਖਾਂ, ਬੁੱਧੀਜੀਵੀਆਂ ਵੱਲੋ ਆਪਣੀ ਕੌਮੀਅਤ ਅਤੇ ਆਪਣੀ ਆਜਾਦੀ ਦੇ ਸੰਬੰਧ ਵਿਚ ਬਾਦਲੀਲ ਢੰਗ ਨਾਲ ਪ੍ਰਚਾਰ ਕਰਦੇ ਹੋਏ ਜੋ ਦੂਸਰੇ ਮੁਲਕਾਂ ਦੀਆਂ ਹਕੂਮਤਾਂ ਨੂੰ ਆਪਣੇ ਆਜਾਦੀ ਦੇ ਸੰਘਰਸ ਦੇ ਪੱਖ ਵਿਚ ਮਜਬੂਤ ਲੋਕ ਰਾਏ ਬਣਾਉਣ ਦੇ ਫਰਜ ਅਦਾ ਕੀਤੇ ਗਏ ਹਨ, ਉਸਦੀ ਬਦੌਲਤ ਇਹ ਹਿੰਦੂਤਵ ਹੁਕਮਰਾਨ ਆਪਣੇ ਮੰਦਭਾਵਨਾ ਭਰੇ ਮਿਸਨ ਵਿਚ ਕਤਈ ਕਾਮਯਾਬ ਨਹੀ ਹੋ ਸਕਣਗੇ।
ਸਿੱਖ ਕੌਮ ਆਪਣੀ ਆਜਾਦੀ ਦੇ ਸੰਘਰਸ ਦੇ ਸੱਚ ਨੂੰ ਦੂਸਰੇ ਮੁਲਕਾਂ ਦੀਆਂ ਹਕੂਮਤਾਂ ਅਤੇ ਨਿਵਾਸੀਆਂ ਨੂੰ ਅਸਲ ਸੱਚ ਤੋ ਜਾਣੂ ਕਰਵਾਉਣ ਵਿਚ ਅਵੱਸ ਕਾਮਯਾਬ ਹੋਣਗੇ। ਸ. ਮਾਨ ਨੇ ਇਕ ਵਾਰੀ ਫਿਰ ਆਪਣੇ ਅਮਰੀਕਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਦੇ ਅਹੁਦੇਦਾਰਾਂ ਅਤੇ ਹੋਰਨਾਂ ਬੁੱਧੀਜੀਵੀਆਂ ਤੇ ਪੰਥਕ ਹਮਦਰਦਾਂ ਦਾ ਸ੍ਰੀ ਮੋਦੀ ਦੇ ਪਹੁੰਚਣ ਤੇ ਕੀਤੇ ਗਏ ਰੋਸ ਵਿਖਾਵੇ ਲਈ ਉਚੇਚੇ ਤੌਰ ਤੇ ਧੰਨਵਾਦ ਵੀ ਕੀਤਾ।